ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੁਲਾਈ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਮਾਨਸਾ ਵਿਖੇ ਧਰਨਾ ਲਾਇਆ ਗਿਆ। ਧਰਨੇ ਤੋਂ ਪਹਿਲਾਂ ਜਥੇਬੰਦੀ ਜ਼ਿਲ੍ਹਾ ਸਕੱਤਰ ਚਰਨਜੀਤ ਕੌਰ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ 1975 ਤੋਂ ਸੰਗਠਿਤ ਬਾਲ ਵਿਕਾਸ ਸੇਵਾਵਾਂ (ਆਈਸੀਡੀਐੱਸ) ਸਕੀਮ ਤਹਿਤ ਬੱਚਿਆਂ ਵਿੱਚ ਫੈਲੇ ਕੁਪੋਸ਼ਣ ਦੀ ਸਭ ਤੋਂ ਵੱਡੀ ਚੁਣੌਤੀ ਨਾਲ ਲੜਦੇ ਹੋਏ ਦੇਸ਼ ਦੀ ਸੇਵਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ‘ਅੰਮ੍ਰਿਤ ਮਹੋਤਸਵ’ ਦੇ ਰੂਪ ਵਿੱਚ ਮਨਾ ਰਿਹਾ ਹੈ, ਦੂਜੇ ਪਾਸੇ ਇੱਥੇ ਯਾਦ ਕਰਾਉਣਾ ਬਣਦਾ ਹੈ ਕਿ 2021 ਦੇ ਗਲੋਬਲ ਹੰਗਰ ਇੰਡੈਕਸ, ਅੰਤਰਰਾਸ਼ਟਰੀ ਸੰਸਥਾਵਾਂ ਦੀ ਸਾਲਾਨਾ ਰਿਪੋਰਟ ਨੇ 116 ਦੇਸ਼ਾਂ ਵਿਚੋਂ ਭਾਰਤ ਦੀ ਰੈਕਿੰਗ/ਸਥਾਨ 101 ਤੱਕ ਗਿਰਾਵਟ ਦਰਜ ਕਰਦੇ ਹੋਏ ਭੁੱਖ ਨੂੰ ਭਾਰਤ ਲਈ ‘ਗੰਭੀਰ’ ਸਮੱਸਿਆ ਦੱਸਿਆ ਹੈ। ਜਥੇਬੰਦੀ ਦੇ ਆਗੂ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਇਕ ਪਾਸੇ ਸਰਕਾਰ ਪੋਸ਼ਣ ਮਾਂ ਵਰਗੇ ਪ੍ਰੋਗਰਾਮ ਚਲਾ ਕੇ ਕੁਪੋਸ਼ਣ ਨੂੰ ਦੂਰ ਕਰਨ ਦਾ ਦਾਅਵਾ ਕਰਦੀ ਹੈ, ਦੂਜੇ ਪਾਸੇ ਭਾਰਤ ਸਰਕਾਰ ਆਈਸੀਡੀਐਸ ਲਈ ਬਜਟ ਅਲਾਟਮੈਂਟ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮਾਨਸਾ ਦੇ ਤਹਿਸੀਲਦਾਰ ਵੱਲੋਂ ਧਰਨੇ ਵਿੱਚ ਆ ਕੇ ਮੰਗ ਪੱਤਰ ਲਿਆ ਗਿਆ। ਇਸ ਮੌਕੇ ਅਮਨਦੀਪ ਕੌਰ ਮਾਨਸਾ,ਦਲਜੀਤ ਕੌਰ, ਮਨਜੀਤ ਕੌਰ ਬੀਰੋਕੇ, ਕਰਮਜੀਤ ਕੌਰ, ਸ਼ਿੰਦਰ ਕੌਰ ਬਰ੍ਹੇ, ਰਾਜ ਰਾਣੀ, ਮੀਨੂੰ ਰਾਣੀ,ਅਵਿਨਾਸ਼ ਕੌਰ ਨੇ ਵੀ ਸੰਬੋਧਨ ਕੀਤਾ।