ਸ਼ਗਨ ਕਟਾਰੀਆ
ਜੈਤੋ, 22 ਜੁਲਾਈ
‘ਰਿਹਾਇਸ਼ੀ ਅਤੇ ਆਬਾਦਕਾਰ ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਨੇ ਅੱਜ ਇੱਥੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਦੇ ਦਫ਼ਤਰ ਦੇ ਵਿਹੜੇ ’ਚ ਰੋਸ ਧਰਨਾ ਦਿੱਤਾ।
ਪ੍ਰਦਰਸ਼ਨ ’ਚ ਸ਼ਾਮਿਲ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਪ੍ਰਧਾਨ ਦਰਸ਼ਨਾ ਜੋਸ਼ੀ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੰਤ ਸਿੰਘ, ਮਜ਼ਦੂਰ ਏਕਤਾ ਯੂਨੀਅਨ ਦੇ ਕੁਲਦੀਪ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਗੁਰਤੇਜ ਸਿੰਘ ਹਰੀ ਨੌ, ਸੁਖਦੇਵ ਸਿੰਘ, ਮਿੱਠੂ ਸਿੰਘ ਅਤੇ ਪ੍ਰਕਾਸ਼ ਨੰਦਗੜ੍ਹ ਨੇ ਮੰਗ ਕੀਤੀ ਕਿ ਪਿੰਡ ਸੇਢਾ ਸਿੰਘ ਵਾਲਾ ਦੇ ਮਜ਼ਦੂਰਾਂ ਦੀ ਸਰਕਾਰ ਵੱਲੋਂ ਜ਼ਬਤ ਕੀਤੀ ਜ਼ਮੀਨ ਵਾਪਿਸ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਜ਼ਮੀਨ ‘ਮਾਲਕਾਂ’ ਨੂੰ ਵਾਪਿਸ ਨਾ ਕੀਤੀ ਤਾਂ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਵਿਖਾਵਾਕਾਰੀਆਂ ਨੇ ਇੱਕ ਸਹਾਇਕ ਗ੍ਰਾਮ ਸੇਵਕ ’ਤੇ ਸਹੀ ਢੰਗ ਨਾਲ ਡਿਊਟੀ ਨਾ ਨਿਭਾਏ ਜਾਣ ਲਈ ਉਸ ਦੀ ਬਦਲੀ ਦੀ ਮੰਗ ਵੀ ਕੀਤੀ। ਆਗੂਆਂ ਨੇ ਜੈਤੋ ਦੇ ਵਿਧਾਇਕ ’ਤੇ ਸੰਘਰਸ਼ ਕਮੇਟੀ ਦੇ ਨੁਮਾਇੰਦੇ ਅੰਗਰੇਜ਼ ਸਿੰਘ (ਗੋਰਾ ਮੱਤਾ) ਨੂੰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਗੰਭੀਰ ਦੋਸ਼ ਲਾਉਂਦਿਆਂ ਬੀਡੀਪੀਓ ਦਫ਼ਤਰ ਦੇ ਬਾਹਰ ਵਿਧਾਇਕ ਦਾ ਪੁਤਲਾ ਸਾੜ ਕੇ ਰੋਸ ਪ੍ਰਗਟਾਇਆ।
ਬੀਡੀਪੀਓ ਅਭਿਨਵ ਗੋਇਲ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਬਾਅਦ ਵਿਸ਼ਵਾਸ ਦਿਵਾਇਆ ਕਿ ਉਹ ਸੋਮਵਾਰ ਤੱਕ ਪਿੰਡ ਸੇਢਾ ਸਿੰਘ ਵਾਲਾ ਦੀ ਗ੍ਰਾਮ ਪੰਚਾਇਤ ਨਾਲ ਮੀਟਿੰਗ ਕਰਕੇ ਕਬਜ਼ੇ ’ਚ ਲਈ ਜ਼ਮੀਨ, ਪਹਿਲੇ ਕਾਬਜ਼ਕਾਰਾਂ ਨੂੰ ਠੇਕੇ ’ਤੇ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਸਹਾਇਕ ਗ੍ਰਾਮ ਸੇਵਕ ਸੁਖਜਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਪਿੱਛੋਂ ਵਿਖਾਵਾਕਾਰੀਆਂ ਨੇ ਪ੍ਰਦਰਸ਼ਨ ਸਮਾਪਤ ਕਰ ਦਿੱਤਾ।
ਧਮਕੀ ਦਾ ਦੋਸ਼ ਸਿਰਫ ‘ਮਨਘੜਤ’ ਕਹਾਣੀ: ਵਿਧਾਇਕ
ਵਿਧਾਇਕ ਅਮੋਲਕ ਸਿੰਘ ਨੇ ਧਮਕੀ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਜਮਹੂਰੀ ਤੰਤਰ ’ਚ ਵਿਚਾਰਧਾਰਕ ਵਿਰੋਧਤਾ ਖ਼ੂਬਸੂਰਤ ਗੱਲ ਹੈ ਅਤੇ ਉਹ ਇਸ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਪਰ ਕਿਸੇ ਦੀ ਕਿਰਦਾਰਕੁਸ਼ੀ ਲਈ ਨੀਵੇਂ ਪੱਧਰ ਦੀ ਇਲਜ਼ਾਮਤਰਾਸ਼ੀ ਚੰਗੀ ਗੱਲ ਨਹੀਂ। ਉਨ੍ਹਾਂ ਕਿਹਾ ‘ਉਂਜ ਵੀ ਸਭ ਲੋਕ ਮੇਰੇ ਆਪਣੇ ਨੇ ਅਤੇ ਕਦੇ ਵੀ, ਕਿਸੇ ਨਾਲ ਨਫ਼ਰਤ ਬਾਰੇ ਮੈਂ ਸੋਚ ਹੀ ਨਹੀਂ ਸਕਦਾ’।