ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 19 ਨਵੰਬਰ
ਫ਼ਰੀਦਕੋਟ-ਮੋਗਾ ਜ਼ਿਲ੍ਹੇ ਨੂੰ ਆਪਸ ਜੋੜਣ ਵਾਲੀ ਕੋਟਕਪੂਰੇ ਸ਼ਹਿਰ ਵਿੱਚੋਂ ਲੰਘਦੀ ਸਥਾਨਕ ਦੇਵੀ ਵਾਲਾ ਰੋਡ ਪਿਛਲੇ ਪੌਣੇ ਤਿੰਨ ਸਾਲ ਤੋਂ ਖਸਤਾ ਹਾਲ ਵਿੱਚ ਚੱਲ ਰਹੀ ਹੈ। ਇਸ ਸੜਕ ’ਤੇ ਪਏ ਵੱਡੇ ਡੂੰਘੇ ਟੋਏ ਹਰ ਰਾਹਗੀਰ ਨੂੰ ਡਰਾਉਂਦੇ ਹਨ। ਸੜਕ ਦੀ ਉੱਡਦੀ ਧੂੜ ਤੋਂ ਇੱਥੇ ਰਹਿਣ ਵਾਲਾ ਹਰ ਨਾਗਰਿਕ ਕਾਫ਼ੀ ਚਿਰ ਤੋਂ ਪ੍ਰੇੇਸ਼ਾਨ ਹੈ। ਕੱਚੀ ਸੜਕ ’ਤੇ ਉੱਡਦੀ ਧੂੜ, ਮਿੱਟੀ ਕਰਕੇ ਲੋਕ ਲੰਮਾ ਪੈਂਡਾ ਤੈਅ ਕਰਨ ਲਈ ਵੀ ਤਿਆਰ ਹਨ ਪਰ ਇਸ ਸੜਕ ਤੋਂ ਲੰਘਣ ਤੋਂ ਕੰਨੀ ਕਤਰਾਉਂਦੇ ਹਨ। ਇਸ ਸੜਕ ’ਤੇ ਸਥਿਤ ਦੁਕਾਨਦਾਰਾਂ ਨੇ ਦੱਸਿਆ ਕਿ 2019 ਵਿੱਚ ਸਥਾਨਕ ਜਲ ਬੋਰਡ ਨੇ ਰੋਡ ’ਤੇ ਸੀਵਰੇਜ ਪਾਉਣ ਲਈ ਇਸ ਰੋਡ ਨੂੰ ਪੁੱਟਿਆ ਸੀ। ਸੀਵਰੇਜ ਪਾਉਣ ਦਾ ਕੰਮ ਚਾਰ ਮਹੀਨਿਆਂ ਵਿੱਚ ਮੁਕੰਮਲ ਹੋ ਗਿਆ ਮਗਰੋਂ ਸੜਕ ਦਾ ਨਿਰਮਾਣ ਨਹੀਂ ਕਰਵਾਇਆ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਸਥਾਨਕ ਰਾਜਸੀ ਲੀਡਰ ਆਉਂਦੇ ਹਨ ਤੇ ਭਰੋਸਾ ਦੇ ਕੇ ਤਸਵੀਰਾਂ ਖਿਚਵਾ ਕੇ ਵਾਹ-ਵਾਹ ਲੁੱਟ ਕੇ ਚਲੇ ਜਾਂਦੇ ਪਰ ਉਨ੍ਹਾਂ ਨੂੰ ਨਰਕ ਵਿੱਚੋਂ ਕੱਢਣ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ। ਉਧਰ ਜਲ ਬੋਰਡ ਦੇ ਅਧਿਕਾਰੀ ਦੱਸ ਰਹੇ ਹਨ ਕਿ ਸ਼ਹਿਰ ਵਿੱਚ ਸੜਕ ਬਣਾਉਣ ਵਾਲੀ ਨਿੱਜੀ ਕੰਪਨੀ ਤੋਂ ਕੰਮ ਖੋਹ ਕੇ ਹੁਣ ਅਸੀਂ ਕਰਵਾ ਰਹੇ ਹਾਂ। ਜ਼ਿਕਰਯੋਗ ਹੈ ਕਿ ਸਰਕਾਰ ਤੇ ਕੰਪਨੀ ਦੇ ਇਸ ਜੋੜ-ਤੋੜ ਵਿੱਚ ਲੋਕਾਂ ਨੂੰ ਪੌਣੇ ਤਿੰਨ ਸਾਲ ਤੱਕ ਇਹ ਪਰੇਸ਼ਾਨੀ ਉਠਾਉਣੀ ਪਈ ਇਸ ਦਾ ਕੌਣ ਜ਼ਿੰਮੇਵਾਰ ਹੈ।
ਜਲਦੀ ਹੀ ਨਿਰਮਾਣ ਸ਼ੁਰੂ ਕਰਵਾਇਆ ਜਾਵੇਗਾ: ਐੱਸਡੀਓ
ਜਲ ਬੋਰਡ ਦੇ ਐੱਸਡੀਓ ਗੁਰਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਨਾਲ ਕੁਝ ਤਕਨੀਕੀ ਕਾਰਨਾਂ ਕਰਕੇ ਸਹਿਮਤੀ ਨਾ ਬਨਣ ’ਤੇ ਸੜਕ ਦੇ ਨਿਰਮਾਣ ਵਿਚ ਦੇਰੀ ਹੋਈ ਹੈ। ਇਸ ਦਾ ਨਿਰਮਾਣ ਕਰਵਾਉਣ ਲਈ ਉਨ੍ਹਾਂ ਵੱਲੋਂ ਨਗਰ ਕੌਂਸਲ ਨੂੰ ਲਿਖਿਆ ਗਿਆ ਹੈ ਕਿ ਜਲਦੀ ਹੀ ਨਿਰਮਾਣ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਕਿਸੇ ਖਪਤਕਾਰ ਤੋਂ ਕੁਨੈਕਸ਼ਨ ਕਰਵਾਉਣ ਲਈ ਪੈਸਿਆਂ ਦੀ ਮੰਗ ਨਹੀਂ ਕੀਤੀ ਜਾ ਰਹੀ।