ਪੱਤਰ ਪ੍ਰੇਰਕ
ਮਲੋਟ, 30 ਜੁਲਾਈ
ਪਿੰਡ ਦਾਨੇਵੇਲਾ ਦੀ ਪੰਚਾਇਤ ਭੰਗ ਹੋਣ ਮਗਰੋਂ ਕਰੀਬ 3 ਮਹੀਨਿਆਂ ’ਚ ਵੀ ਪ੍ਰਬੰਧਕ ਨਾ ਲੱਗਣ ਕਾਰਨ ਪਿੰਡ ਵਿੱਚ ਚੱਲ ਰਹੇ ਵਿਕਾਸ ਕੰਮਾਂ ’ਚ ਖੜੋਤ ਆ ਗਈ ਹੈ, ਜਿਸ ਕਰ ਕੇ ਪਿੰਡ ਵਾਸੀ ਆਪਣੇ ਪੱਧਰ ’ਤੇ ਘਰਾਂ ’ਚੋਂ ਫੰਡ ਇਕੱਠਾ ਕਰਕੇ ਪਿੰਡ ਦੇ ਸਾਝੇਂ ਕੰਮਾਂ ਨੂੰ ਤਰਜੀਹ ਦੇ ਰਹੇ ਹਨ। ਸਾਬਕਾ ਸਰਪੰਚ ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਭੰਗ ਹੋਈ ਨੂੰ ਕਰੀਬ 3 ਮਹੀਨੇ ਬੀਤ ਚੁੱਕੇ ਹਨ, ਜਿਸ ਕਰਕੇ ਪਿੰਡ ਦੇ ਸਾਰੇ ਕੰਮ ਧੰਦੇ ਵਿਚਾਲੇ ਹੀ ਅੜੇ ਹੋਏ ਹਨ। ਉਹਨਾਂ ਦੱਸਿਆ ਕਿ ਅਜੇ ਤੱਕ ਪ੍ਰਸ਼ਾਸਨ ਵੱਲੋਂ ਚੱਲ ਰਹੇ ਕੰਮ ਧੰਦਿਆਂ ਨੂੰ ਨੇਪਰੇ ਚਾੜਣ ਲਈ ਕੋਈ ਵੀ ਪ੍ਰਬੰਧਕ ਨਹੀਂ ਲਗਾਇਆ ਗਿਆ। ਇਸ ਸਬੰਧ ਵਿੱਚ ਜਦ ਬੀਡੀਪੀਓ ਮਲੋਟ ਸਜਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਬੰਧਕ ਲਗਾਉਣ ਸਬੰਧੀ ਫਾਇਲ ਪੂਰੀ ਕਰ ਕੇ ਡੀਡੀਪੀਓ ਦਫ਼ਤਰ ਨੂੰ ਭੇਜ ਦਿੱਤੀ ਹੈ ਜਦਕਿ ਡੀਡੀਪੀਓ ਦਫ਼ਤਰ ਦਾ ਕਹਿਣਾ ਸੀ ਕਿ ਅਜੇ ਤੱਕ ਉਨ੍ਹਾਂ ਕੋਲ ਕੋਈ ਵੀ ਫਾਇਲ ਨਹੀਂ ਆਈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਛੱਪੜ ਦੀ ਨਿਕਾਸੀ ਵੀ ਉਹ ਆਪਣੇ ਪੱਧਰ ’ਤੇ ਪਿੰਡ ’ਚੋਂ ਉਗਰਾਹ ਕਰਕੇ ਹੀ ਕਰਵਾ ਰਹੇ ਹਨ ਜਦਕਿ ਕਾਰਜਕਾਰੀ ਸਰਪੰਚ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਜਦ ਕੋਰਮ ਹੀ ਪੂਰਾ ਨਹੀਂ ਤਾਂ ਉਹ ਕੰਮ ਕਿਵੇਂ ਕਰਵਾ ਸਕਦਾ ਹੈ।