ਕਰਨ ਭੀਖੀ
ਭੀਖੀ, 11 ਅਗਸਤ
ਸਥਾਨਕ ਕਸਬੇ ਦੇ ਇਤਿਹਾਸਕ ਪਿੰਡ ਫਫੜੇ ਭਾਈ ਕੇ ਦੇ ਵਾਸੀ ਨੌਜਵਾਨ ਮਜ਼ਦੂਰ ਹੈਪੀ ਖਾਨ ਦੀ ਪੰਜ ਸਾਲ ਪਹਿਲਾਂ ਟੋਕੇ ਵਾਲੀ ਮਸੀਨ ’ਚ ਆਉਣ ਕਾਰਨ ਸੱਜੀ ਬਾਂਹ ਕੱਟੀ ਗਈ ਸੀ। ਇਸੇ ਦੌਰਾਨ ਘਰ ਵਿੱਚ ਅੱਤ ਦੀ ਗਰੀਬੀ ਹੋਣ ’ਤੇ ਉਸ ਦੇ ਪਿਤਾ ਭੋਲਾ ਖਾਨ ਦੀ ਮੌਤ ਹੋ ਗਈ। ਪੜ੍ਹਾਈ ਨਾ ਕਜਸਕਣ ਦੇ ਬਾਵਜੂਦ ਝੋਨਾ ਲਾਉਣਾ, ਹੱਥੀਂ ਕਣਕ ਦੀ ਕਟਾਈ, ਰਾਜ ਮਿਸਤਰੀ ਨਾਲ ਮਜ਼ਦੂਰੀ, ਘਰਾਂ ’ਚ ਫਰਸ਼ ਲਾਉਣਾ, ਕਹੀ ਨਾਲ ਖਾਲ ਪੁੱਟਦੇ ਹੋਏ ਉਸ ਨੂੰ ਪਿੰਡ ਦੇ ਆਲੇ-ਦੁਆਲੇ ਵੇਖਿਆ ਜਾ ਸਕਦਾ ਹੈ। ਉਹ ਤਿੰਨ ਭਰਾ ਤੇ ਇੱਕ ਭੈਣ ਜੋ ਵਿਆਹੀ ਗਈ, ਵਿਧਵਾ ਮਾਤਾ ਦਾ ਸਹਾਰਾ ਹੈ। ਉਸ ਦਾ ਕਹਿਣਾ ਹੈ ਕਿ ਪੰਦਰਾਂ ਸੌ ਰੁਪਏ ਪੈਨਸ਼ਨ ਨਾਲ ਉਸ ਦੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਹੈ। ਉਹ ਬੀਤੇ ਦਿਨੀ ਉਹ ਵਿਆਹ ਦੇ ਬੰਧਨ ਵਿੱਚ ਬੱਝਣ ਚੁੱਕਾ ਹੈ। ਪਿੰਡ ਦੇ ਸਰਪੰਚ ਤੇ ਮਾਰਕੀਟ ਕਮੇਟੀ ਭੀਖੀ ਚੇਅਰਮੈਨ ਇਕਬਾਲ ਸਿੰਘ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਹੈਪੀ ਖਾਨ ਲਈ ਅਵਾਸ ਯੋਜਨਾ ਰਾਹੀਂ ਘਰ ਪਾਉਣ ਲਈ ਪੰਚਾਇਤ ਵੱਲੋਂ ਅਰਜ਼ੀ ਭੇਜੀ ਹੋਈ ਹੈ, ਜਲਦ ਮਨਜ਼ੂਰ ਕਰਕੇ ਉਸ ਦਾ ਘਰ ਬਣਵਾਇਆ ਜਾਵੇ।