ਸੀ. ਮਾਰਕੰਡਾ
ਤਪਾ ਮੰਡੀ, 8 ਮਾਰਚ
ਕਈ ਦਿਨਾਂ ਤੋਂ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਤਪਾ ਦੀਆਂ ਬਸਤੀਆਂ ’ਚ ਸਫਾਈ ਪੱਖੋਂ ਬੁਰਾ ਹਾਲ ਹੋ ਗਿਆ ਹੈ। ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਦਿਖਾਈ ਦੇ ਰਹੇ ਹਨ। ਵੱਖ-ਵੱਖ ਗਲੀਆਂ ’ਚ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਰਿਹਾ ਹੈ। ਇਸ ਦੇ ਹੱਲ ਲਈ ਨਗਰ ਕੌਂਸਲ ਨੇ ਉਚੇਚੀ ਮੀਟਿੰਗ ਕਰ ਕੇ ਬਹੁਮਤ ਨਾਲ 38 ਦੇ ਕਰੀਬ ਸਫਾਈ ਸੇਵਕਾਂ ਨੂੰ ਠੇਕੇ ਦੇ ਆਧਾਰ ’ਤੇ ਰੱਖਣ ਦਾ ਮਤਾ ਪਾਸ ਕਰ ਦਿੱਤਾ। ਕੌਂਸਲ ਦੇ ਈਓ ਨੇ ਹੜਤਾਲੀਆਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਲਈ ਮਤਾ ਪਾ ਦਿੱਤਾ ਗਿਆ ਹੈ, ਇਸ ਲਈ ਹੜਤਾਲ ਖਤਮ ਕਰ ਦਿੱਤੀ ਜਾਵੇ ਪਰ ਸਫਾਈ ਸੇਵਕ ਆਪਣੀ ਮੰਗ ’ਤੇ ਅੜੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਉਹ ਹੜਤਾਲ ਖ਼ਤਮ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਮੰਗਾਂ ਮੰਨਣ ਸਬੰਧੀ ਭਰੋਸੇ ਦਿੱਤੇ ਗਏ ਹਨ ਪਰ ਬਾਅਦ ਵਿੱਚ ਉਨ੍ਹਾਂ ਦੀ ਸਾਰ ਵੀ ਨਹੀਂ ਲਈ ਜਾਂਦੀ। ਇਸ ਕਰਕੇ ਹੁਣ ਜਦੋਂ ਤੱਕ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲ ਜਾਂਦੇ ਉਦੋਂ ਤੱਕ ਉਹ ਸੰਘਰਸ਼ ਕਰਦੇ ਰਹਿਣਗੇ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਮੰਨ ਕੇ ਹੜਤਾਲ ਖਤਮ ਕਰਵਾ ਕੇ ਸ਼ਹਿਰ ਦੀ ਸਫਾਈ ਵੱਲ ਧਿਆਨ ਦਿੱਤਾ ਜਾਵੇ।