ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਮਾਰਚ
ਇਥੇ ਨਗਰ ਨਿਗਮ ਦੇ ਸਾਲਾਨਾ ਬਜਟ ਲਈ ਸੱਦੀ ਜਨਰਲ ਹਾਊਸ ਮੀਟਿੰਗ ਵਿੱਚ ਨਿਗਮ ਅੰਦਰ ਫ਼ੈਲੇ ਭ੍ਰਿਸ਼ਟਾਚਾਰ ਦਾ ਮੁੱਦਾ ਛਾਇਆ ਰਿਹਾ। ਇਸ ਮੌਕੇ ਰੌਲੇ ਰੱਪੇ ਵਿੱਚ 8573 ਲੱਖ ਦਾ ਪੇਸ਼ ਬਜਟ ਅੱਧ ਵਿਚਾਲੇ ਛੱਡ ਮਿਹਣੋ ਮਿਹਣੀ ਸ਼ੁਰੂ ਹੋ ਗਈ। ਮੇਅਰ ਨੀਤਿਕਾ ਭੱਲਾ ਨੇ ਬਜਟ ਨੂੰ ਪਾਸ ਕਰਾਰ ਦੇ ਦਿੱਤਾ ਗਿਆ। ਇਸ ਮੌਕੇ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਤਹਿਤ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਸੀ।
ਇਸ ਮੌਕੇ ਐੱਸਸੀ ਕੌਂਸਲਰ ਜਗਜੀਤ ਸਿੰਘ ਨੇ ਸਥਾਨਕ ‘ਆਪ’ ਵਿਧਾਇਕਾ ਅਮਨਦੀਪ ਅਰੋੜਾ ਦੇ ਪੀਏ ਦਾ ਨਾਂ ਲੈ ਕੇ ਉਸਦੇ ਵਾਰਡ ’ਚੋਂ ਵਿਕਾਸ ਕੰਮ ਰੁਕਵਾਉਣ ਦਾ ਦੋਸ਼ ਲਗਾਇਆ। ਇਸ ਮੌਕੇ ਕਈ ਕੌਂਸਲਰਾਂ ਨੇ ਮਰ ਪਸ਼ੂ ਚੁੱਕਣ ਵਾਲੇ ਠੇਕੇਦਾਰ ਦੇ ਕਰਿੰਦਿਆਂ ਉੱਤੇ 500 ਤੋਂ 2 ਹਜ਼ਾਰ ਰੁਪਏ ਪ੍ਰਤੀ ਪਸ਼ੂ ਲੋਕਾਂ ਕੋਲੋਂ ਵਸੂਲੀ ਦਾ ਦੋਸ਼ ਲਗਾਇਆ। ਇਸ ਦੌਰਾਨ ਕੌਂਸਲਰ ਗੁਰਪ੍ਰੀਤ ਸਚਦੇਵਾ ਨੇ ਨਿਗਮ ਅੰਦਰ ਫ਼ੈਲੇ ਭ੍ਰਿਸ਼ਟਾਚਾਰ ਤੇ ਲੋਕਾਂ ਕੋਲੋਂ ਟੈਕਸ ਦੇ ਰੂਪ ਵਿੱਚ ਵਸੂਲੀ ਰਕਮ ਨਾਲ ਕਰਵਾਏ ਜਾਂਦੇ ਵਿਕਾਸ ਕੰਮਾਂ ਵਿੱਚ ਕਮਿਸ਼ਨ ਦਾ ਮੁੱਦਾ ਚੁੱਕਿਆ। ਉਨ੍ਹਾਂ ਸ਼ਹਿਰ ਅੰਦਰ ਕਰੀਬ 7 ਕਰੋੜ ਦੀ ਲਾਗਤ ਨਾਲ ਕਰੀਬ 4 ਮਹੀਨੇ ਪਹਿਲਾਂ ਬਣੀਆਂ ਸੜਕਾਂ ਮਹੀਨੇ ਬਾਅਦ ਹੀ ਟੁੱਟਣ, ਸਟਰੀਟ ਲਾਈਟ ਠੇਕੇ ਉੱਤੇ ਸੁਆਲ ਚੁੱਕ ਦੇ ਠੇਕਾ ਰੱਦ ਕਰਨ ਦੀ ਮੰਗ ਕਰਦੇ ‘ਆਪ’ ਦੀ ਸਰਕਾਰ ਦਾ ਮਿਸ਼ਨ ਨਗਰ ਨਿਗਮ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਗੱਲ ਰੱਖੀ। ਉਨ੍ਹਾਂ ਸ਼ਰਾਬ ਠੇਕੇਦਾਰਾਂ ਨਾਲ ਲਿਹਾਜ਼ ਪਾਲਣ ਦਾ ਵੀ ਦੋਸ਼ ਲਗਾਇਆ। ਇਸ ਦੌਰਾਨ ਤਲਖ਼ੀ ਵਾਲਾ ਮਾਹੌਲ ਪੈਦਾ ਹੋ ਗਿਆ ਅਤੇ ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਮਾਈਕ ਚੁਕ ਲਿਆ ਤੇ ਕੌਂਸਲਰ ਗੁਰਪ੍ਰੀਤ ਸੱਚਦੇਵਾ ਉੱਤੇ ਟੁੱਟ ਪਏ ਅਤੇ ਰੱਜ਼ ਕੇ ਮਿਹਣੋ ਮਿਹਣੀ ਹੋਏ। ਨਗਰ ਨਿਗਮ ’ਚ ਪਿਛਲੇ ਸਾਲਾਂ ਦੌਰਾਨ ਵਿਕਾਸ ਕੰਮਾਂ ’ਚ ਹੋਏ ਭ੍ਰਿਸ਼ਟਾਚਾਰ ਦੀਆਂ ਉਂਝ ਤਾਂ ਵੱਡੀ ਗਿਣਤੀ ’ਚ ਉਦਾਹਰਣਾਂ ਹਾਉਸ ਵਿੱਚ ਲਿਆਂਦੀਆਂ ਗਈਆਂ। ਅਧਿਕਾਰੀਆਂ ਦੀ ਮਦਦ ਨਾਲ ਨਗਰ ਨਿਗਮ ਦੇ ਠੇਕੇਦਾਰ ਆਪਸ ਵਿੱਚ ਪੂਲ ਕਰਕੇ ਵਿਕਾਸ ਕੰਮਾਂ ਨਾਲ ਸਬੰਧਤ ਟੈਂਡਰਾਂ ’ਚ ਗੋਲਮਾਲ ਕੀਤਾ ਗਿਆ। ਠੇਕੇਦਾਰਾਂ ਨੇ ਖੂਬ ਮਨਮਰਜੀ ਕੀਤੀ ਤੇ ਘਟੀਆ ਵਿਕਾਸ ਕੰਮ ਕੀਤੇ ਹਨ। ਵਧੇਰੇ ਵਿਕਾਸ ਕੰਮਾਂ ਦੇ ਤਾਂ ਸੈਂਪਲ ਤੱਕ ਨਹੀਂ ਭਰੇ ਗਏ। ਸਿਰਫ ਫਾਈਲਾਂ ਦਾ ਘਰ ਪੂਰਾ ਕਰਨ ਲਈ ਕੰਮ ਕੀਤਾ ਗਿਆ ਤੇ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਦੀ ਪੇਮੈਂਟ ਬਿਨਾਂ ਕੰਮ ਦੀ ਜਾਂਚ ਦੇ ਹੀ ਦੇ ਦਿੱਤੀ ਗਈ।
ਇਸ ਮੌਕੇ ‘ਆਪ’ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਨੇ ਨਿਗਮ ਕੋਲੋਂ ਬੈਂਕਾਂ ਵਿੱਚ ਐਫ਼ਡੀ ਦੇ ਰੂਪ ਵਿੱਚ ਜਮਾਂ ਰਾਸ਼ੀ ਤੇ ਹੋਰ ਵਿਕਾਸ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਐੱਸਸੀ ਕੌਂਸਲਰ ਵੱਲੋਂ ਚੁੱਕੇ ਸੁਆਲ ਉੱਤੇ ਭਰੋਸਾ ਦਿੱਤਾ ਕਿ ‘ਆਪ’ ਵੱਲੋਂ ਕਿਸੇ ਵੀ ਕੌਂਸਲਰ ਦੇ ਵਾਰਡ ’ਚ ਹੋਣ ਵਾਲੇ ਵਿਕਾਸ ਕੰਮਾਂ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਵੇਗੀ। ਕਮਿਸ਼ਨਰ ਨਗਰ ਨਿਗਮ ਸੁਰਿੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਪਰਵੀਨ ਕੁਮਾਰ ਪੀਨਾ ਤੇ ਕੌਂਸਲਰਾਂ ਤੋਂ ਇਲਾਵਾ ਸ਼ਹਿਰੀ ਲੋਕਾਂ ਨੇ ਨਿਗਮ ’ਚ ਹੋਏ ਹੰਗਮਾਂ ਨੂੰ ਅੱਖੀਂ ਦੇਖਿਆ।