ਰਾਜਵਿੰਦਰ ਰੌਂਤਾ
ਮੋਗਾ/ਨਿਹਾਲ ਸਿੰਘ ਵਾਲਾ, 6 ਜੂਨ
ਮੋਗਾ-ਬਰਨਾਲਾ ਕੌਮੀ ਮਾਰਗ ਸਥਿਤ ਪਿੰਡ ਮਾਛੀਕੇ ਵਿੱਚ ਪੰਜ ਮਹੀਨੇ ਕਰੀਬ ਤੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਨਵੀਂ ਸੜਕ ਤੋਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪੱਕਾ ਧਰਨਾ ਲੱਗਿਆ ਹੋਇਆ ਹੈ ਜਿਸ ਨੂੰ ਚੁਕਵਾਉਣ ਲਈ ਡੀਸੀ ਮੋਗਾ ਕੁਲਵੰਤ ਸਿੰਘ ਮਾਛੀਕੇ ਧਰਨੇ ਵਿੱਚ ਪੁੱਜੇ। ਪਰ ਭਰੇ ਪੀਤੇ ਧਰਨਾਕਾਰੀਆਂ ਨੇ ਉਨ੍ਹਾਂ ਨੂੰ ਖਰੀਆਂ ਖਰੀਆਂ ਵੀ ਸੁਣਾਈਆਂ।
ਪ੍ਰਦਰਸ਼ਕਾਰੀਆਂ ਦੇ ਆਗੂਆਂ ਨੇ ਅਧਿਕਾਰੀਆਂ ਨਾਲ ਡੇਢ ਘੰਟਾ ਲੰਬੀ ਗੱਲਬਾਤ ਦੌਰਾਨ ਨਵੀਂ ਸੜਕ ਬਣਨ ਨਾਲ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ’ਚ ਦੱਸਦਿਆਂ ਕਿਹਾ ਕਿ ਸਬੰਧਤ ਅਧਿਕਾਰੀਆਂ ਵੱਲੋਂ ਐਕਵਾਇਰ ਕੀਤੀ ਜ਼ਮੀਨ ਦੇ ਚੈੱਕ ਦੇਣ ਬਦਲੇ ਰਿਸ਼ਵਤ ਲਈ ਗਈ ਇੱਥੋਂ ਤੱਕ ਕਿ ਗੁਰਦੁਆਰੇ ਦੀ ਜਗ੍ਹਾ ਦੇ ਮੁਆਵਜ਼ੇ ਦੇ ਚੈੱਕ ਲੈਣ ਲਈ ਵੀ ਰਿਸ਼ਵਤ ਦੇਣੀ ਪਈ। ਉਨ੍ਹਾਂ ਕਿਹਾ ਕਿ ਉਨ੍ਹਾਂ ਐਸਡੀਐਮ ਨਿਹਾਲ ਸਿੰਘ ਵਾਲਾ ਨੂੰ ਸ਼ਿਕਾਇਤ ਵੀ ਕੀਤੀ ਸੀ। ਡੀਸੀ ਮੋਗਾ ਨੇ ਭਰੋਸਾ ਦਿੱਤਾ ਕਿ ਇਸ ਪੁਲ ਲਈ ਸੜਕ ਮਹਿਕਮੇ ਰਾਹੀਂ ਪ੍ਰਪੋਜ਼ਲ ਬਣਾ ਕੇ ਕੇਂਦਰ ਨੂੰ ਭੇਜੀ ਜਾਵੇਗੀ। ਉਨ੍ਹਾਂ ਪਾਣੀ ਦੀ ਨਿਕਾਸੀ ਅਤੇ ਖੇਤੀ ਲਈ ਨਵੀਂਆਂ ਪਾਈਪਾਂ ਪਾਉਣ ਲਈ ਸਬੰਧਤ ਅਫ਼ਸਰਾਂ ਨੂੰ ਤੁਰੰਤ ਆਦੇਸ਼ ਦਿੱਤੇ। ਪਰ ਡੀਸੀ ਨੇ ਰਿਸ਼ਵਤਖੋਰਾਂ ਵਿਰੁੱਧ ਕਾਰਵਾਈ ਬਾਰੇ ਜਾਣਕਾਰੀ ਨਹੀਂ ਦਿੱਤੀ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੇ ਸਿੰਘ ਢੁੱਡੀਕੇ ਨੇ ਕਿਹਾ ਕਿ ਪ੍ਰਸ਼ਾਸਨ ਤੇ ਸੜਕ ਮਹਿਕਮੇ ਦੀ ਅਣਗਹਿਲੀ ਕਾਰਨ ਉਨ੍ਹਾ ਨੂੰ ਸਿਖਰ ਦੁਪਿਹਰੇ ਤੇ ਸੀਤ ਰਾਤਾਂ ਪਿੰਡੇ ’ਤੇ ਹੰਢਾਉਣੀਆਂ ਪਈਆਂ। ਉਨ੍ਹਾਂ ਕਿਹਾ ਕਿ ਜੇ ਡੀਸੀ ਸਾਹਿਬ ਵੱਲੋਂ ਕੀਤੇ ਵਾਅਦੇ ’ਤੇ ਪ੍ਰਸ਼ਾਸਨ, ਸੜਕ ਵਿਭਾਗ ਖਰਾ ਨਹੀਂ ਉੱਤਰਦਾ ਤਾਂ ਕਿਰਤੀ ਕਿਸਾਨ ਯੂਨੀਅਨ ਤੇ ਲੋਕਾਂ ਦੇ ਰੋਹ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਸ ਸਮੇਂ ਐਸਡੀਐਮ ਰਾਮ ਸਿੰਘ ਨਿਹਾਲ ਸਿੰਘ ਵਾਲਾ ਸਮੇਤ ਸੜਕ ਅਤੇ ਮਾਲ ਵਿਭਾਗ ਅਧਿਕਾਰੀ ਵੀ ਹਾਜ਼ਰ ਸਨ ਅਤੇ ਕਿਰਤੀ ਕਿਸਾਨ ਯੂਨੀਅਨ ਤੇ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ ਤੇ ਪਿੰਡ ਵਾਸੀ ਤੇ ਧਰਨਾਕਾਰੀ ਵੀ ਮੌਜੂਦ ਸਨ।