ਜਸਵੰਤ ਜੱਸ
ਫ਼ਰੀਦਕੋਟ, 8 ਮਈ
ਫ਼ਰੀਦਕੋਟ ਦੇ ਖੇਤੀਬਾੜੀ ਵਿਭਾਗ ਨੇ ਅੱਜ ਜ਼ਿਲ੍ਹੇ ਭਰ ਵਿੱਚ ਬੀਜ ਵੇਚਣ ਵਾਲੀਆਂ ਫਰਮਾਂ ’ਤੇ ਛਾਪੇਮਾਰੀ ਕੀਤੀ। ਮੁੱਖ ਖੇਤੀਬਾੜੀ ਅਫਸਰ ਡਾ. ਕਿਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਕੀਤੀ ਗਈ ਚੈਕਿੰਗ ਦੌਰਾਨ ਜ਼ਿਲ੍ਹੇ ਭਰ ਵਿੱਚ ਬੀਜ ਵੇਚਣ ਵਾਲੀਆਂ ਫਰਮਾਂ ਅਤੇ ਵਿਕਰੇਤਾਵਾਂ ਦਾ ਰਿਕਾਰਡ ਚੈੱਕ ਕੀਤਾ ਗਿਆ। ਚੈਕਿੰਗ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਬੀਜ ਵਿਕਰੇਤਾਵਾਂ ਤੇ ਬੀਜ-ਡੀਲਰਾਂ ਦੇ ਜ਼ਰੂਰੀ ਦਸਤਾਵੇਜ਼ ਅਤੇ ਸਟਾਕ ਚੈੱਕ ਕਰਨ ਦੇ ਨਾਲ-ਨਾਲ ਬੀਜਾਂ ਦੀ ਕੁਆਲਿਟੀ ਚੈੱਕ ਕਰਨ ਲਈ ਸੈਂਪਲ ਵੀ ਭਰੇ ਗਏ। ਬੀਜ ਐਕਟ ਤੇ ਬੀਜ ਕੰਟਰੋਲ ਆਰਡਰ 1983 ਤੇ ਜ਼ਰੂਰੀ ਵਸਤਾਂ ਐਕਟ-1955 ਤਹਿਤ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਇਸ ਦੌਰਾਨ ਖੇਤੀਬਾੜੀ ਅਫ਼ਸਰ ਨੇ ਬੀਜ ਡੀਲਰਾਂ ਨੂੰ ਹਦਾਇਤ ਕੀਤੀ ਕਿ ਪ੍ਰਮਾਣਿਤ ਤੇ ਸਿਫ਼ਾਰਸ਼ ਕੀਤੇ ਬੀਜ ਹੀ ਇੱਕ ਚੰਗੀ ਫਸਲ ਦਾ ਆਧਾਰ ਹਨ। ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਬੀਜ ਵੇਚਦੇ ਸਮੇਂ ਪੱਕੇ ਬਿੱਲ ਜਾਰੀ ਕਰਨ ਤੇ ਹਰ ਫ਼ਸਲ ਦਾ ਮਿਆਰੀ ਬੀਜ ਹੀ ਸੇਲ ਕਰਨ ਤੇ ਖਾਸ ਤੌਰ ’ਤੇ ਝੋਨੇ ਦੀ ਕਿਸਮ ਪੀ ਆਰ 126 ਦਾ ਬੀਜ ਜਾਇਜ਼ ਰੇਟ ’ਤੇ ਹੀ ਵੇਚਣ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਲਾ-ਬਾਜ਼ਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਮਾਣਿਤ ਅਦਾਰਿਆਂ ਤੋਂ ਬੀਜ ਖਰੀਦਣ ਤੇ ਜੇ ਪੱਕਾ ਬਿੱਲ ਨਹੀਂ ਦਿੱਤਾ ਜਾਂਦਾ ਜਾਂ ਕੋਈ ਹੋਰ ਸਮੱਸਿਆ ਆਉਂਦੀ ਹੈ ਤਾਂ ਇਸ ਨੂੰ ਸਬੰਧਤ ਬਲਾਕ ਦੇ ਧਿਆਨ ਵਿੱਚ ਲਿਆਂਦਾ ਜਾਵੇ।