ਨਿੱਜੀ ਪੱਤਰ ਪ੍ਰੇਰਕ
ਮੋਗਾ, 24 ਦਸੰਬਰ
ਪੋਹ ਮਹੀਨੇ ਦੀ ਠੰਢ ਤੇ ਧੁੰਦ ਦੇ ਕਹਿਰ ’ਚ ਲੋਕ ਘਰਾਂ ਅੰਦਰ ਠੁਰ-ਠੁਰ ਕਰਨ ਲੱਗੇ ਹਨ ਜਦੋਂਕਿ ਕੜਾਕੇ ਦੀ ਇਸ ਠੰਢ ’ਚ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਖੇਤਾਂ ਦੇ ਪੁੱਤਾਂ ਨੇ ਦਿੱਲੀ ਨਾਲ ਟੱਕਰ ਲਾਈ ਹੋਈ ਹੈ। ਬਜ਼ੁਰਗ, ਬੀਬੀਆਂ ਤੇ ਬੱਚੇ ਵੀ ਸੰਘਰਸ਼ੀ ਮੋਰਚਿਆਂ ’ਤੇ ਡਟੇ ਹੋਏ ਹਨ। ਧੁੰਦ ਦਾ ਕਹਿਰ ਵੀ ਕਿਸਾਨ ਬੀਬੀਆਂ ਦੀ ਗਿਣਤੀ ਘਟਾ ਨਹੀਂ ਸਕਿਆ ਹੈ।
ਪੰਜਾਬ ’ਚ ਕਈ ਥਾਵਾਂ ਉੱਤੇ ਅੱਜ ਸਵੇਰੇ ਸੰਘਣੀ ਧੁੰਦ ਪੈਣ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ। ਧੁੰਦ ਕਾਰਨ ਸੜਕਾਂ ’ਤੇ ਵਾਹਨ ਚਾਲਕਾਂ ਨੂੰ ਮੰਜ਼ਿਲ ਤੱਕ ਪਹੁੰਚਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਧੁੰਦ ਕਾਰਨ ਲੋਕਾਂ ਨੂੰ ਵੀ ਆਪਣੇ ਕੰਮਾਂ-ਕਾਰਾਂ ਉੱਤੇ ਜਾਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਟਰੈਫਿਕ ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਮਾਹਲਾ ਨੇ ਕਿਹਾ ਕਿ ਧੁੰਦ ਮੌਸਮ ਵਿੱਚ ਸੜਕਾਂ ’ਤੇ ਦੁਰਘਟਨਾਵਾਂ ਵੱਧ ਜਾਂਦੀਆਂ ਹਨ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯਾਤਰਾ ’ਤੇ ਨਿਕਲਣ ਸਮੇਂ ਵਾਹਨਾ ਦੀ ਹੈੱਡਲਾਈਟ, ਟੇਲ ਲਾਈਟ, ਫੌਗ ਲਾਈਟ, ਇੰਡੀਕੇਟਰ ਅਤੇ ਰਿਫਲੈਕਟਰ ਸਹਿਤ ਬ੍ਰੇਕ, ਟਾਇਰ, ਵਿੰਡ ਸਕ੍ਰੀਨ ਵਾਈਪਰ, ਬੈਟਰੀ ਅਤੇ ਕਾਰ ਹੀਟਿੰਗ ਸਿਸਟਮ ਨੂੰ ਵੀ ਚਾਲੂ ਹਾਲਤ ਵਿੱਚ ਰੱਖਣਾ ਜਰੂਰੀ ਹੈ। ਵਾਹਨ ਚਾਲਕ ਧੁੰਦ ਵਿੱਚ ਵਾਹਨਾਂ ਨੂੰ ਲੋਅ-ਬੀਮ ’ਤੇ ਚਲਾਉਣ ਕਿਉਂਕਿ ਧੁੰਦ ਦੇ ਦੌਰਾਨ ਹਾਈ-ਬੀਮ ਕਾਰਗਰ ਨਹੀਂ ਹੁੰਦਾ। ਧੁੰਦ ਦੌਰਾਨ ਫੌਗ ਲਾਈਟਾਂ, ਗੱਡੀਆਂ ਦੀ ਨਿਰਧਾਰਤ ਸਪੀਡ ਅਤੇ ਵਾਹਨਾਂ ਦੇ ਵਿੱਚ ਉਚਿਤ ਦੂਰੀ ਰੱਖੀ ਜਾਵੇ ਅਤੇ ਸੜਕਾਂ ’ਤੇ ਅੰਕਿਤ ਸਫੇਦ ਪੱਟੀਆਂ ਨੂੰ ਇੱਕ ਮਾਰਗ ਦਰਸ਼ਕ ਦੇ ਰੂਪ ਵਿੱਚ ਧਿਆਨ ਵਿੱਚ ਰੱਖਦਿਆਂ ਵਾਹਨ ਚਲਾਇਆ ਜਾਵੇ। ਧੁੰਦ ਵਿੱਚ ਵਾਹਨ ਚਲਾਉਂਦੇ ਹੋਏ ਗੈਰ-ਜ਼ਰੂਰੀ ਓਵਰਟੇਕਿੰਗ ਨਾ ਕੀਤੀ ਜਾਵੇ, ਲੇਨ ਨਾ ਬਦਲੀ ਜਾਵੇ ਅਤੇ ਭੀੜ ਵਾਲੀਆਂ ਸੜਕਾਂ ’ਤੇ ਵਾਹਨ ਨੂੰ ਰੋਕਣ ਤੋਂ ਬਚਿਆ ਜਾਵੇ।