ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਜੂਨ
ਅਗਨੀਪਥ ਸਕੀਮ ਤਹਿਤ ਭਰਤੀ ਦੇ ਵਿਰੋਧ ਵਿੱਚ ਬੇਰੁਜ਼ਗਾਰ ਯੁਵਾ ਮੋਰਚਾ ਤੇ ਹੋਰ ਜਥੇਬੰਦੀਆਂ ਨੇ ਵੱਖ-ਵੱਖ ਥਾਈਂ ਰੋਸ ਪ੍ਰਦਰਸ਼ਨ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਦੇ ਪੁਤਲੇ ਫੂਕੇ। ਪ੍ਰਦਰਸ਼ਨਕਾਰੀਆਂ ਨੇ ਕੁਝ ਸਮੇਂ ਲਈ ਨੈਸ਼ਨਲ ਹਾਈਵੇਅ ’ਤੇ ਜਾਮ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕੁਝ ਨੌਜਵਾਨਾਂ ਨੇ ਮਿਨੀ ਸਕੱਤਰੇਤ ਦੇ ਬਾਹਰ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਬੇਰੁਜ਼ਗਾਰ ਯੁਵਾ ਏਕਤਾ ਮੋਰਚਾ ਨਾਲ ਜੁੜੇ ਨੌਜਵਾਨ ਬਾਲ ਭਵਨ ਇਕੱਠੇ ਹੋਏ ਜਿਥੋਂ ਉਹ ਪ੍ਰਦਰਸ਼ਨ ਕਰਦੇ ਹੋਏ ਬਾਬਾ ਭੂਮਣ ਸ਼ਾਹ ਚੌਕ ਪੁੱਜੇ। ਇੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਦੇ ਪੁਤਲੇ ਫੂਕੇ। ਇਸ ਦੌਰਾਨ ਪੁਲੀਸ ਵੱਲੋਂ ਸਰੱਖਿਆ ਦੇ ਮੱਦੇਨਜ਼ਰ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਨੂੰ ਜਾਣ ਵਾਲੀ ਸੜਕ ’ਤੇ ਭਾਰੀ ਬੈਕੀਕੇਡ ਲਾਏ ਗਏ ਹਨ। ਇਸ ਉਪਰੰਤ ਕੁਜ ਨੌਜਵਾਨਾਂ ਨੇ ਬੱਸ ਅੱਡੇ ਦੇ ਬਾਹਰ ਨੈਸ਼ਨਲ ਹਾਈਵੇਅ ’ਤੇ ਜਾਮ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕੁਝ ਸਮੇਂ ਲਈ ਮਿਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਧਰਨਾ ਲਾਇਆ ਤੇ ਅਗਨੀਪਥ ਸਕੀਮ ਰੱਦ ਕੀਤੇ ਜਾਣ ਸਬੰਧੀ ਪ੍ਰਧਾਨ ਮੰਤਰੀ ਦੇ ਨਾਂ ਐਸਡੀਐਮ ਜੈਵੀਰ ਯਾਦਵ ਨੂੰ ਮੰਗ ਪੱਤਰ ਸੌਂਪਿਆ।
ਬਠਿੰਡਾ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਫ਼ੌਜ ਭਰਤੀ ਲਈ ਬਣਾਈ ਅਗਨੀਪਥ ਸਕੀਮ ਦਾ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਸਰਕਾਰ ਨੇ ਬੇਰੁਜ਼ਗਾਰ ਜਵਾਨੀ ਦੀਆਂ ਆਸਾਂ ਨੂੰ ਵਲੂੰਧਰ ਕੇ ਧਰ ਦਿੱਤਾ ਹੈ। ਇਸ ਦੇ ਵਿਰੋਧ ਵਿੱਚ ਇੱਕ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਸੰਸਾਰ ਬੈਂਕ ਸਾਲ 2004 ਤੋਂ ਕਿ ਸਰਕਾਰੀ ਕਰਮਚਾਰੀਆਂ ’ਤੇ ਹੋਣ ਵਾਲਾ ਖ਼ਰਚਾ ਘਟਾਉਣ ਲਈ ਕਹਿੰਦਾ ਆ ਰਿਹਾ ਹੈ। ਇਸ ਤਹਿਤ ਭਾਜਪਾ ਹਕੂਮਤ ਨੇ ਵੀ ਪਹਿਲੀਆਂ ਸਰਕਾਰਾਂ ਵਾਂਗੂ ਹੀ ਆਪਣੇ ਸ਼ਾਸਨ ਕਾਲ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚੋਂ ਲੱਖਾਂ ਦੇ ਹਿਸਾਬ ਆਸਾਮੀਆਂ ਘਟਾਈਆਂ ਹਨ।
ਭੀਖੀ (ਪੱਤਰ ਪ੍ਰੇਰਕ): ਅਗਨੀਪਥ ਸਕੀਮ ਸਬੰਧੀ ਸਾਬਕਾ ਫ਼ੌਜੀ ਭੁਪਿੰਦਰ ਫ਼ੌਜੀ ਨੇ ਕਿਹਾ ਕੇਂਦਰ ਸਰਕਾਰ ਨੌਜਵਾਨਾਂ ਅਤੇ ਦੇਸ਼ ਨਾਲ਼ ਧੱਕਾ ਕਰ ਰਹੀ ਹੈ। ਅਗਨੀਪਥ ਸਕੀਮ ਤਹਿਤ ਸਰਕਾਰ ਫ਼ੌਜੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਤੋਂ ਛੁਟਕਾਰ ਚਾਹੁੰਦੀ ਹੈ। ਉਨ੍ਹਾਂ ਦੱਸਿਆ ਹਰ ਸੈਨਿਕ ਦੇ ਮੁੱਢਲੇ ਪੰਜ-ਛੇ ਸਾਲ ਤਾਂ ਅਭਿਆਸ ਦੇ ਹੀ ਹੁੰਦੇ ਹਨ। ਸਰਕਾਰ ਛੇ ਮਹੀਨਿਆਂ ਵਿੱਚ ਉਨ੍ਹਾਂ ਨੂੰ ਤਿਆਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਜਦੋਂ ਚਾਰ ਸਾਲ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ, ਨਾ ਉਹ ਘਰ ਦੇ ਰਹਿਣਗੇ ਨਾ ਘਾਟ ਦੇ।