ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਦਸੰਬਰ
ਇਥੋਂ ਦੇ ਸਰਕਾਰੀ ਕਾਲਜ ਵਿਖੇ ਪੀਐੱਸਯੂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਰੋਸ ਜ਼ਾਹਿਰ ਕਰਦਿਆਂ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਆਦਿ ਵਰਗਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉੱਠ ਰਹੀ ਆਵਾਜ਼ ਨੂੰ ਦਬਾਉਣ ਦੀ ਸਰਕਾਰੀ ਨੀਤੀ ਦਾ ਵਿਰੋਧ ਕੀਤਾ ਜਿਸ ਲਈ ਸਰਕਾਰ ਦੁਆਰਾ ਇੱਥੋਂ ਦੀ ਪੁਲੀਸ, ਫੌਜ, ਜੇਲ੍ਹਾਂ ਅਤੇ ਕਚਹਿਰੀਆਂ ਨੂੰ ਵਰਤਿਆ ਜਾ ਰਿਹਾ ਹੈ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪੀ.ਐੱਸ.ਯੂ ਦੀ ਜ਼ਿਲ੍ਹਾ ਆਗੂ ਜਸਪ੍ਰੀਰਤ ਕੌਰ ਅਤੇ ਸੁਖਵੀਰ ਕੌਰ ਨੇ ਕਿਹਾ ਕਿ ਫਾਸ਼ੀਵਾਦੀ ਏਜੰਡੇ ਤਹਿਤ ਹੀ ਕੇਂਦਰ ਸਰਕਾਰ ਦੁਆਰਾ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੇ ਲੇਖਕਾਂ ਅਤੇ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਉੱਪਰ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ। ਹਕੂਮਤ ਦਾ ਇਹ ਵਰਤਾਰਾ ਮਨੁੱਖੀ ਹੱਕਾਂ ਦਾ ਕਤਲ ਕਰਨ ਵਾਲਾ ਹੈ।
ਫਾਜ਼ਿਲਕਾ (ਪੱਤਰ ਪ੍ਰੇਰਕ): ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ’ਤੇ ਸਜ਼ਾ ਭੁਗਤ ਚੁੱਕੇ ਸਿਆਸੀ ਕੈਦੀਆਂ ਅਤੇ ਝੂਠੇ ਕੇਸਾਂ ’ਚ ਫਸਾ ਕੇ ਜੇਲ੍ਹ ’ਚ ਬੰਦ ਕੀਤੇ ਹੋਏ ਹੋਰ ਬੁਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਦੀ ਰਿਹਾਈ ਲਈ ਐਮ.ਆਰ. ਸਰਕਾਰੀ ਕਾਲਜ ਫਾਜ਼ਿਲਕਾ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੀ.ਐਸ.ਯੂ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ ਅਤੇ ਕਾਲਜ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਪ੍ਰਵੀਨ ਕੌਰ ਨੇ ਸੰਬੋਧਨ ਕੀਤਾ।