ਪੱਤਰ ਪ੍ਰੇਰਕ
ਬਠਿੰਡਾ, 20 ਦਸੰਬਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੋਜ ਅਤੇ ਪਸਾਰ ਸਾਇੰਸਦਾਨ ਤਕਰੀਬਨ ਚਾਰ ਹਫਤਿਆਂ ਤੋਂ ਆਪਣੀਆਂ ਮੰਗਾਂ ਲਈ ਲਗਾਤਾਰ ਹੜਤਾਲ ਤੇ ਰੋਸ ਮੁਜ਼ਾਹਰੇ ਕਰ ਰਹੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਸਮੂਹ ਵਿਗਿਆਨੀਆਂ ਵੱਲੋਂ ਮੁਕੰਮਲ ਹੜਤਾਲ ਕੀਤੀ ਜਾ ਰਹੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਜਗਦੀਸ਼ ਗਰੋਵਰ ਨੇ ਦੱਸਿਆ ਕਿ ਯੂਜੀਸੀ ਵਲੋਂ ਦਿੱਤਾ ਪੇਅ ਸਕੇਲ ਗੁਆਂਢੀ ਰਾਜਾਂ ਵਿੱਚ 1.1.2016 ਤੋਂ ਲਾਗੂ ਹੋ ਚੁੱਕਾ ਹੈ ਪਰ ਪੰਜਾਬ ਸਰਕਾਰ ਵਲੋਂ ਯੂਜੀਸੀ ਤੋਂ ਵੱਖ ਕਰ ਕੇ ਇੱਕ ਵੱਖਰਾ ਤਨਖਾਹ ਸਕੇਲ, ਜੋ ਕਿ ਰਾਸ਼ਟਰ ਪੱਧਰ ਦੇ ਸਕੇਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਹੈ, ਲਾਗੂ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ ਜਿਹੜਾ ਕਿ ਪੰਜਾਬ ਦੇ ਸਮੁੱਚੇ ਉਚੇਰੀ ਸਿੱਖਿਆ ਲਈ ਤਬਾਹ ਵਾਲਾ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਯੂਜੀਸੀ ਸਕੇਲ ਵੱਖ ਕਰਨ ਦਾ ਫੈਸਲਾ ਵਾਪਸ ਲਵੇ ਅਤੇ ਸੱਤਵਾਂ ਯੂਜੀਸੀ ਪੇਅ ਸਕੇਲ ਤੁਰੰਤ ਲਾਗੂ ਕਰੇ। ਧਰਨੇ ਨੂੰ ਡਾ. ਗੁਰਜਿੰਦਰ ਸਿੰਘ ਰੋਮਾਣਾ, ਡਾ ਅਨੁਰੀਤ ਕੌਰ, ਡਾ. ਗੋਮਤੀ ਗਰੋਵਰ ਅਤੇ ਡਾ. ਸੁਦੀਪ ਸਿੰਘ ਨੇ ਵੀ ਸੰਬੋਧਨ ਕੀਤਾ।