ਪੱਤਰ ਪ੍ਰੇਰਕ
ਬਰੇਟਾ, 21 ਦਸੰਬਰ
ਇੱਥੇ ਦੀ ਸਬ ਤਹਿਸੀਲ ਜਿਹੜੀ ਸ਼ਹਿਰ ਤੋਂ ਪਹਿਲਾਂ ਹੀ ਕਾਫੀ ਬਾਹਰ ਹੈ ਅਤੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬਬ ਬਣੀ ਹੋਈ ਹੈ। ਇਸ ਤੋਂ ਵੱਧ ਪ੍ਰੇਸ਼ਾਨੀ ਦਾ ਸਬਬ ਇਹ ਹੈ ਕਿ ਪਿਛਲੇ ਲਗਪਗ ਪੌਣੇ ਦੋ ਮਹੀਨਿਆਂ ਤੋਂ ਨਾਇਬ ਤਹਿਸੀਲਦਾਰ ਦੇ ਨਾ ਹੋਣ ਕਾਰਨ ਰਜਿਸਟਰੀਆਂ, ਸਰਟੀਫਿਕੇਟਾਂ, ਹਲਫੀਆ ਬਿਆਨਾਂ ਆਦਿ ਦਾ ਸਾਰਾ ਕੰਮ ਰੁਕਣ ਕਾਰਨ ਆਮ ਲੋਕ ਤੇ ਤਹਿਸੀਲ ਦਫ਼ਤਰ ਨਾਲ ਜੁੜੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਮਜਬੂਰ ਹੋ ਕੇ ਅੱਜ ਤਹਿਸੀਲ ਦਫ਼ਤਰ ਦੇ ਬੰਦ ਗੇਟ ਦੇ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਗਟ ਕਰਦੇ ਹੋਏ, ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ, ਉਨ੍ਹਾਂ ਮੰਗ ਕੀਤੀ ਕਿ ਨਾਇਬ ਤਹਿਸੀਲਦਾਰ ਨੂੰ ਤੁਰੰਤ ਭੇਜਿਆ ਜਾਵੇ, ਤਾਂ ਕਿ ਬੰਦ ਪਿਆ ਕੰਮ ਸ਼ੁਰੂ ਹੋ ਸਕੇ। ਵਰਨਣਯੋਗ ਹੈ ਕਿ ਦੋ ਢਾਈ ਮਹੀਨੇ ਪਹਿਲਾਂ ਇੱਥੋਂ ਦਾ ਤਹਿਸੀਲਦਾਰ ਬਦਲੀ ਕਰਵਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਮਗਰੋਂ ਵੱਖ ਵੱਖ ਸਮਿਆਂ ’ਤੇ ਦੋ ਨਾਇਬ ਤਹਿਸੀਲਦਾਰਾਂ ਨੂੰ ਤਾਇਨਾਤ ਕੀਤਾ ਗਿਆ, ਪਰ ਪਤਾ ਨਹੀਂ ਕਿਹੜੀਆਂ ਦਿੱਕਤਾਂ ਕਾਰਨ ਉੱਥੇ ਆ ਕੇ ਕੰਮ ਕਰਨ ਨੂੰ ਤਿਆਰ ਨਹੀਂ ਹਨ। ਇਸ ਕਾਰਨ ਉਹ ਇੱਥੇ ਆ ਕੇ ਕੰਮ ਕਰਨ ਵਿੱਚ ਦਿਲਚਸਪੀ ਨਹੀਂ ਲੈ ਰਹੇ ਤੇ ਹਰ ਵਰਗ ਦੇ ਲੋਕ ਪ੍ਰੇਸ਼ਾਨ ਹਨ।
ਇਸ ਮੌਕੇ ਧਰਨਾ ਦੇਣ ਵਾਲਿਆਂ ਵਿੱਚ ਜੁਗਰਾਜ ਸਿੰਘ ਕਾਲਾ, ਇਕਬਾਲ ਸਿੰਘ ਬਖਸੀਵਾਲਾ, ਆਸ਼ੂ ਬਾਂਸਲ, ਗਾਂਧੀ ਸ਼ਰਮਾ, ਗੁਰਜੀਤ ਸਿੰਘ, ਸਾਬਕਾ ਸਰਪੰਚ, ਹੈਪੀ ਅਗਰਵਾਲ, ਨਰਿੰਦਰ ਕੁਮਾਰ, ਪਵਨ ਕੁਮਾਰ, ਸੰਜੀਵ ਕੁਮਾਰ, ਰਾਧੇ ਸ਼ਿਆਮ, ਹਨੀ ਗੋਇਲ, ਬਲਦੇਵ ਸਿੰਘ, ਮੋਹਨ ਲਾਲ ਆਦਿ ਸ਼ਾਮਲ ਸਨ। ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਤਹਿਸੀਲ ਦਾ ਕੰਮ ਜਲਦੀ ਸ਼ੁਰੂ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।