ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਫ਼ਰਵਰੀ
ਇੱਥੇ ਜ਼ਿਲ੍ਹਾ ਸਕੱਤਰੇਤ ਅੱਗੇ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪ੍ਰਾਇਮਰੀ ਸਕੂਲ ਖੁੱਲ੍ਹਵਾਉਣ ਲਈ ਰੋਸ ਧਰਨਾ ਦਿੱਤਾ ਗਿਆ ਤੇ ਰੈਲੀ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਬਲੌਰ ਸਿੰਘ ਘਾਲੀ ਤੇ ਗੁਰਭਿੰਦਰ ਸਿੰਘ ਕੋਕਰੀ ਨੇ ਕਿਹਾ ਕਿ ਕਰੋਨਾਵਾਇਰਸ ਦੀ ਆੜ ਹੇਠ ਸਰਕਾਰਾਂ ਵੱਲੋਂ ਪ੍ਰਾਇਮਰੀ ਸਕੂਲ ਬੰਦ ਰੱਖੇ ਗਏ ਹਨ ਜਦੋਂ ਕਿ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ, ਸਿਆਸੀ ਇਕੱਠਾਂ ਉੱਤੇ ਕੋਈ ਰੋਕ ਨਹੀਂ ਹੈ ਅਤੇ ਬੱਸਾਂ ਤੇ ਰੇਲ ਗੱਡੀਆਂ ਚੱਲ ਰਹੀਆਂ ਹਨ। ਪ੍ਰਇਮਰੀ ਸਕੂਲ ਬੰਦ ਕਰ ਕੇ ਸਰਕਾਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।
ਊਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਾਰੇ ਸਕੂਲ ਬਿਨਾ ਸ਼ਰਤ ਖੋਲ੍ਹੇ ਨਹੀਂ ਜਾਂਦੇ, ਉਦੋਂ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ ਤੇ ਬੱਚਿਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵੈਕਸੀਨ ਲੈਣਾ ਨਾਗਰਿਕ ਦਾ ਆਪਣਾ ਫੈਸਲਾ ਹੈ, ਇਸ ਨੂੰ ਜਬਰਦਸਤੀ ਥੋਪਿਆ ਨਹੀਂ ਜਾ ਸਕਦਾ ਤਾਂ ਵੈਕਸੀਨ ਲਗਵਾਉਦੀ ਲਾਜ਼ਮੀ ਕਰਾਰ ਕਿਉਂ ਦਿੱਤੀ ਜਾ ਰਹੀ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਪੱਤਰ ਵਿੱਚ ਗੁਲਾਬੀ ਸੁੰਡੀ ਕਰ ਕੇ ਖਰਾਬ ਹੋਈ ਨਰਮੇ ਦੀ ਫਸਲ ਦਾ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।
ਜੈਤੋ (ਸ਼ਗਨ ਕਟਾਰੀਆ): ਵਿੱਦਿਅਕ ਅਦਾਰਿਆਂ ਨੂੰ ਕਰੋਨਾ ਦੇ ਨਾਂ ’ਤੇ ਬੰਦ ਰੱਖਣ ਖ਼ਿਲਾਫ਼ ਸੋਮਵਾਰ ਤੋਂ ਇੱਥੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਵਿੱਚ ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਸ਼ਹਿਰ ਵਿਚ ਰੋਸ ਮਾਰਚ ਕਰਨ ਅਤੇ ਐੱਸਡੀਐੱਮ ਨੂੰ ਸਿੱਖਿਆ ਅਦਾਰੇ ਖੋਲ੍ਹਣ ਲਈ ਮੰਗ ਪੱਤਰ ਦੇਣ ਮਗਰੋਂ ਧਰਨ ਸਮਾਪਤ ਕਰ ਦਿੱਤਾ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਨੱਥਾ ਸਿੰਘ ਰੋੜੀਕਪੂਰਾ, ਜ਼ਿਲ੍ਹਾ ਵਿੱਤ ਸਕੱਤਰ ਤਾਰਾ ਸਿੰਘ ਰੋੜੀਕਪਰਾ, ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਮੱਤਾ, ਜ਼ਿਲ੍ਹਾ ਆਗੂ ਹਰਪ੍ਰੀਤ ਸਿਘ ਦਲ ਸਿੰਘ ਵਾਲਾ, ਜ਼ਿਲ੍ਹਾ ਸੰਗਠਨ ਸਕੱਤਰ ਜਸਪ੍ਰੀਤ ਸਿੰਘ ਜੈਤੋ ਅਤੇ ਬਲਾਕ ਪ੍ਰਧਾਨ ਜਗਜੀਤ ਸਿੰਘ ਜੈਤੋ ਨੇ ਕਿਹਾ ਕਿ ਹਕੂਮਤ ਕਰੋਨਾ ਦੀ ਆੜ ਹੇਠ ਵਿਦਿਆਰਥੀਆਂ ਨੂੰ ਵਿੱਦਿਆ ਤੋਂ ਦੂਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ’ਚ ਸਿਆਸੀ ਪਾਰਟੀਆਂ ਰੈਲੀਆਂ ਕਰਨ ਲਈ ਪੰਜ-ਪੰਜ ਹਜ਼ਾਰ ਬੰਦਿਆਂ ਦੇ ਇਕੱਠ ਤਾਂ ਕਰ ਰਹੀਆਂ ਹਨ ਪਰ ਅਨੁਸ਼ਾਸਿਤ ਵਿਦਿਆਰਥੀਆਂ ਨੂੰ ਘਰਾਂ ’ਚ ਡੱਕਿਆ ਹੋਇਆ ਹੈ। ਉਨ੍ਹਾਂ ਸਰਕਾਰ ਨੂੰ ਸਕੂਲ/ਕਾਲਜ ਫੌਰੀ ਤੌਰ ’ਤੇ ਖੋਲ੍ਹਣ ਦੀ ਤਾਕੀਦ ਕਰਦਿਆਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਕਿਸਾਨਾਂ ਵੱਲੋਂ ਐੱਸਡੀਐੱਮ ਦਫ਼ਤਰ ਦਾ ਘਿਰਾਓ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪ੍ਰਾਇਮਰੀ ਪੱਧਰ ਤੋਂ ਸਕੂਲ ਖੁੱਲ੍ਹਵਾਉਣ ਲਈ 4 ਫ਼ਰਵਰੀ ਤੋਂ ਸ਼ੁਰੂ ਕੀਤੇ ਗਏ ਰੋਸ ਮੁਜ਼ਾਹਰੇ ਦੇ ਆਖਰੀ ਦਿਨ ਅੱਜ ਇੱਥੇ ਐੱਸਡੀਐੱਮ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਦਰਸ਼ਨ ਸਿੰਘ ਹਿੰਮਤਪੁਰਾ, ਜਗਰਾਜ ਸਿੰਘ ਕੁੱਸਾ, ਬੂਟਾ ਸਿੰਘ ਭਾਗੀਕੇ, ਗੁਰਚਰਨ ਰਾਮਾ, ਸੁਦਾਗਰ ਸਿੰਘ ਖਾਈ, ਕੇਵਲ ਕ੍ਰਿਸ਼ਨ ਬੱਧਨੀ ਤੇ ਜਗਮੋਹਣ ਸਿੰਘ ਸੈਦੋਕੇ ਨੇ ਕਿਹਾ ਕਿ ਚੋਣਾਂ ਕਾਰਨ ਆਵਾਜ਼ ਪ੍ਰਦੂਸ਼ਣ ਫ਼ੈਲਾਇਆ ਜਾ ਰਿਹਾ ਹੈ। ਸਰਕਾਰ ਕਰੋਨਾ ਦੀ ਆੜ ਹੇਠ ਸਿਰਫ਼ ਸਰਟੀਫ਼ੀਕੇਟ ਦੇ ਕੇ ਬੱਚਿਆਂ ਨੂੰ ਯੋਗਤਾ ਤੋਂ ਵਾਂਝਾ ਰੱਖਣਾ ਚਾਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਬੇਲੋੜੀਆਂ ਸ਼ਰਤਾਂ ਹਟਾ ਕੇ ਨਰਸਰੀ ਤੋਂ ਲੈ ਕੇ ਛੇਵੀਂ ਜਮਾਤ ਤੱਕ ਦੀਆਂ ਕਲਾਸਾਂ ਵੀ ਚਾਲੂ ਕੀਤੀਆਂ ਜਾਣ।