ਪੱਤਰ ਪ੍ਰੇਰਕ
ਚਾਉਕੇ, 14 ਜੁਲਾਈ
ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ ਪਿੰਡ ਮੰਡੀ ਕਲਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਪਿੰਡ ਵਾਸੀਆ ਨੇ ਅੱਜ ਮੌੜ-ਤਲਵੰਡੀ ਸਾਂਬੋ ਸੜਕ ’ਤੇ ਸੰਕੇਤਕ ਧਰਨਾ ਦਿੱਤਾ।
ਬੀਕੇਯੂ ਸਿੱਧੂਪੁਰ ਦੇ ਆਗੂ ਭੋਲਾ ਸਿੰਘ ਕੋਟੜਾਂ ਨੇ ਕਿਹਾ ਕਿ ਜਥੇਬੰਦੀ ਦੀ ਅਗਵਾਈ ਵਿੱਚ ਪਿਛਲੇ ਦਿਨੀਂ ਪਿੰਡ ਵਾਸੀਆਂ ਵੱਲ ਮੰਡੀ ਕਲਾ ਨੂੰ ਨਸ਼ਾ ਮੁਕਤ ਕਰਨ ਲਈ ਇਕੱਠ ਕਰਦਿਆਂ ਚਿੱਟੇ ਦੇ ਨਸ਼ੇ ਨੂੰ ਨੱਥ ਪਾਉਣ ਲਈ ਪ੍ਰਸ਼ਾਸਨ ਨੂੰ 15 ਜੁਲਾਈ ਤੱਕ ਦਾ ਸਮਾ ਦਿੱਤਾ ਸੀ ਪਰ ਅੱਜ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀ ਹੋਈ, ਜਿਸ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਪਿੰਡ ਭੂੰਦੜ ਵਾਲੇ ਮਸਲੇ ਵਿੱਚ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਜਥੇਬੰਦੀ ਦੇ ਪਿੰਡ ਪ੍ਰਧਾਨ ਬਲਰਾਜ ਸਿੰਘ ਨੇ ਕਿਹਾ ਕਿ ਜਦੋਂ ਤੱਕ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਨੱਥ ਨਹੀਂ ਪਾਈ ਜਾਂਦੀ ਧਰਨਾ ਲਗਾਉਣ ਲਈ ਸੜਕ ਤੇ ਟੈਂਟ,ਪਾਣੀ ਅਤੇ ਲੰਗਰ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ।
ਦੂਜੇ ਪਾਸੇ ਥਾਣਾ ਬਾਲਿਆਵਾਲੀ ਦੇ ਮੁਖੀ ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਦੋ ਹਫ਼ਤੇ ਪਹਿਲਾ ਹੀ ਜੁਆਇਨ ਕੀਤਾ ਹੈ ਅਤੇ ਕਾਫੀ ਨਸ਼ੇ ਬਰਾਮਦ ਕੀਤੇ ਹਨ। ਆਉਣ ਵਾਲੇ ਸਮੇਂ ਵਿਚ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖਸ਼ਿਆ ਜਾਵੇਗਾ ਜਦਕਿ ਪਿੰਡ ਭੂੰਦੜ ਵਾਲਾ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ।