ਸ਼ਗਨ ਕਟਾਰੀਆ
ਜੈਤੋ, 9 ਮਈ
ਬਿਜਲੀ ਕਾਮਿਆਂ ਦੇ ਸਾਂਝੇ ਫ਼ੋਰਮ ਵੱਲੋਂ ਅੱਜ ਜੇਈ ਕੁਲਬੀਰ ਸਿੰਘ ਦੇ ਤਬਾਦਲੇ ਖ਼ਿਲਾਫ਼ ਅੱਜ ਬਿਜਲੀ ਘਰ ਵਿੱਚ ਧਰਨਾ ਦੇਣ ਤੋਂ ਇਲਾਵਾ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਬੁੁਲਾਰਿਆਂ ਨੇ ਕਿਹਾ ਕਿ ਅਪਰੈਲ ਦੇ ਆਖਰੀ ਹਫ਼ਤੇ ਡਿਫ਼ਾਲਟਰ ਖ਼ਪਤਕਾਰਾਂ ਤੋਂ ਵਸੂਲੀ ਲਈ ਜਦੋਂ ਕੁਨੈਕਸ਼ਨ ਕੱਟੇ ਜਾ ਰਹੇ ਸਨ ਤਾਂ ਬਰਗਾੜੀ ਤਾਇਨਾਤ ਜੇਈ ਕੁਲਬੀਰ ਸਿੰਘ ਵੱਲੋਂ ਕੋਠੇ ਰਾਮਸਰ ਦੇ ਇਕ ਅਜਿਹੇ ਹੀ ਖ਼ਪਤਕਾਰ ਦਾ ਕੁਨੈਕਸ਼ਨ ਕੱਟਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤੋਂ ਤੈਸ਼ ’ਚ ਆਏ ਰਾਮਸਰ ਦੇ ਕੁਝ ਵਿਅਕਤੀਆਂ ਨੇ ਜੈਤੋ ਸਥਿਤ ਬਾਜਾ ਚੌਕ ’ਚ ਧਰਨਾ ਦੇ ਕੇ ਆਵਾਜਾਈ ਰੋਕ ਦਿੱਤੀ। ਇਸ ਦੌਰਾਨ ਦੇ ਵਿਧਾਇਕ ਅਮੋਲਕ ਸਿੰਘ ਵੀ ਧਰਨੇ ਵਿੱਚ ਪੁੱਜੇ ਸਨ ਤੇ ਉਨ੍ਹਾਂ ਜਦੋਂ ਪਾਵਰਕੌਮ ਦੇ ਅਧਿਕਾਰੀਆਂ ਨਾਲ ਫ਼ੋਨ ’ਤੇ ਗੱਲ ਕੀਤੀ ਤਾਂ ਉਹ ਵਿਧਾਇਕ ਕੋਲ ਤਾਂ ਕੁਨੈਕਸ਼ਨ ਮੁੜ ਜੋੜਨ ਲਈ ਮੰਨ ਗਏ ਪਰ ਉਨ੍ਹਾਂ ਸਬੰਧਿਤ ਜੇਈ ਨੂੰ ਇਸ ਬਾਰੇ ਕੋਈ ਲਿਖ਼ਤੀ ਹਦਾਇਤ ਨਹੀਂ ਦਿੱਤੀ ਜਿਸ ਕਾਰਨ ਕੁਨੈਕਸ਼ਨ ਨਾ ਜੋੜਿਆ ਜਾ ਸਕਿਆ।
ਬੁਲਾਰਿਆਂ ਨੇ ਦੱਸਿਆ ਕਿ ਜੇਈ ਕੁਲਬੀਰ ਸਿੰਘ ਦੀ ਬਦਲੀ ਪਠਾਨਕੋਟ ਦੀ ਕਰ ਦਿੱਤੀ ਗਈ। ਉਨ੍ਹਾਂ ਇਸ ਨੂੰ ਸਿਆਸੀ ਦਖ਼ਲਅੰਦਾਜ਼ੀ ਦਾ ਮਾਮਲਾ ਕਰਾਰ ਦਿੰਦਿਆਂ ਜੇਈ ਦੀ ਬਦਲੀ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ। ਇਹ ਵੀ ਕਿਹਾ ਗਿਆ ਕਿ ਜੇ ਬਿਜਲੀ ਸਪਲਾਈ ’ਚ ਵਿਘਨ ਪੈਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪਾਵਰਕੌਮ ਮੈਨੇਜਮੈਂਟ ਤੇ ਵਿਧਾਇਕ ਦੀ ਹੋਵੇਗੀ।
ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਜੈਤੋ ਦੇ ਪ੍ਰਧਾਨ ਨਰਿੰਦਰਜੀਤ ਸਿੰਘ, ਸਿਮਰਨਜੀਤ ਸਿੰਘ, ਬੀਕੇਯੂ (ਕ੍ਰਾਂਤੀਕਾਰੀ) ਦੇ ਨਾਇਬ ਸਿੰਘ ਭਗਤੂਆਣਾ, ਦਰਸ਼ਨ ਬਰਕੰਦੀ, ਐੱਮਐੱਸਯੂ ਦੇ ਅਵਤਾਰ ਸਿੰਘ, ਰੇਸ਼ਮ ਸਿੰਘ, ਐਂਪਲਾਈਜ਼ ਫੈਡਰੇਸ਼ਨ ਦੇ ਜਸਵਿੰਦਰ ਸਿੰਘ, ਨਿਰਮਲ ਸਿੰਘ, ਟੀਐੱਸਯੂ ਦੇ ਡਵੀਜ਼ਨ ਪ੍ਰਧਾਨ ਦਰਸ਼ਨ ਸਰਾਵਾਂ, ਸਬ ਡਵੀਜ਼ਨ ਬਰਗਾੜੀ ਦੇ ਆਗੂ ਸੁਖਮੰਦਰ ਸਿੰਘ, ਜਗਜੀਤ ਸਿੰਘ ਕੰਡਾ, ਬਲਵਿੰਦਰ ਸ਼ਰਮਾ, ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ।