ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 19 ਅਗਸਤ
ਸਥਾਨਕ ਅਨਾਜ ਮੰਡੀ ਵਿੱਚ ਮੂੰਗੀ ਦੀ ਫ਼ਸਲ ਦੀ ਖਰੀਦ ਨਾ ਹੋਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਤਲਵੰਡੀ ਸਾਬੋ-ਬਠਿੰਡਾ ਮੁੱਖ ਮਾਰਗ ’ਤੇ ਸੰਕੇਤਕ ਧਰਨਾ ਲਾ ਕੇ ਆਵਾਜਾਈ ਜਾਮ ਕਰ ਦਿੱਤੀ।
ਧਰਨੇ ਨੂੰ ਸਬੋਧਨ ਕਰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ, ਕਲਕੱਤਾ ਸਿੰਘ, ਜੀਤੀ ਰਾਮਨਗਰ, ਭਿੰਦਰ ਸਿੰਘ ਭਾਈਬਖਤੌਰ ਅਤੇ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ’ਤੇ ਕਿਸਾਨਾਂ ਨੇ ਮੂੰਗੀ ਦੀ ਫ਼ਸਲ ਬੀਜੀ ਸੀ ਅਤੇ ਮੁੱਖ ਮੰਤਰੀ ਨੇ ਮੂੰਗੀ ਦੀ ਸਰਕਾਰੀ ਖਰੀਦ ਕਰਨ ਦੀ ਗਰੰਟੀ ਵੀ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਕਹਿਣ ’ਤੇ ਕਿਸਾਨਾਂ ਨੇ ਮੂੰਗੀ ਬੀਜ ਤਾਂ ਲਈ ਪਰ ਹੁਣ ਜਦੋਂ ਕਿਸਾਨਾਂ ਨੇ ਮੂੰਗੀ ਦੀ ਫਸਲ ਵੇਚਣ ਲਈ ਮੰਡੀਆਂ ਵਿੱਚ ਲਿਆਂਦੀ ਤਾਂ ਖਰੀਦ ਬੰਦ ਕਰ ਦਿੱਤੀ ਗਈ ਹੈ। ਆਗੂਆਂ ਨੇ ਕਿਹਾ ਕਿ ਜਦੋਂ ਅਜੇ ਤੱਕ ਮੰਡੀਆਂ ਵਿੱਚ ਮੂੰਗੀ ਦੀ ਫਸਲ ਪੂਰੀ ਆਈ ਹੀ ਨਹੀਂ ਸੀ ਤਾਂ ਸਰਕਾਰ ਨੇ ਪਹਿਲਾਂ 31 ਜੁਲਾਈ ਨੂੰ ਖਰੀਦ ਬੰਦ ਕਰ ਦਿੱਤੀ ਸੀ। ਇਸ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਇਹ ਖਰੀਦ ਕਰਨ ਦੀ ਤਰੀਕ 10 ਅਗਸਤ ਤੱਕ ਵਧਾ ਦਿੱਤੀ ਗਈ। ਸਥਾਨਕ ਮੰਡੀ ਵਿੱਚ 10 ਅਗਸਤ ਤੱਕ ਆਈ ਮੂੰਗੀ ਖਰੀਦਣ ਤੋਂ ਅਧਿਕਾਰੀਆਂ ਵੱਲੋਂ ਜਵਾਬ ਦਿੱਤੇ ਜਾਣ ’ਤੇ ਕਿਸਾਨਾਂ ਦਾ ਇੱਕ ਵਫ਼ਦ ਪਹਿਲਾਂ ਐੱਸਡੀਐੱਮ ਤਲਵੰਡੀ ਸਾਬੋ ਨੂੰ ਮਿਲਿਆ ਸੀ।
ਐੱਸਡੀਐੱਮ ਨੇ ਮੀਟਿੰਗ ਦੌਰਾਨ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਬਾਰਿਸ਼ ਨਾਲ ਮੂੰਗੀ ਦੀ ਫ਼ਸਲ ਵਿੱਚ ਆਈ ਸਿੱਲ੍ਹ ਅਤੇ ਦਾਗੀ ਦਾਣਿਆਂ ਵਿੱਚ ਛੋਟ ਦੇ ਕੇ ਖਰੀਦ ਕਰਨ ਲਈ ਕਿਹਾ ਸੀ ਪਰ ਫਿਰ ਵੀ ਖਰੀਦ ਏਜੰਸੀਆਂ ਮੂੰਗੀ ਨਹੀਂ ਖਰੀਦ ਰਹੀਆਂ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਭਲਕ ਤੱਕ ਮੂੰਗੀ ਦੀ ਖਰੀਦ ਮੁੜ ਤੋਂ ਸ਼ੁਰੂ ਨਾ ਹੋਈ ਤਾਂ ਤਿੱਖੇ ਸੰਘਰਸ਼ ਨਾਲ ਮੂੰਗੀ ਦੀ ਖਰੀਦ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਲਈ ਸੂਬਾ ਸਰਕਾਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ।