ਨਿਰੰਜਣ ਬੋਹਾ
ਬੋਹਾ, 19 ਜਨਵਰੀ
ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬੋਹਾ ਖੇਤਰ ਦੇ ਟਕਸਾਲੀ ਕਾਂਗਰਸੀ ਆਗੂਆਂ ਵੱਲੋਂ ਆਪਣੀ ਇਕਜੁੱਟਤਾ ਦਿਖਾਉਣ ਲਈ ਸੀਨੀਅਰ ਕਾਂਗਰਸੀ ਬਾਬੂ ਕੇਸਵਾ ਨੰਦ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵੋਟਾਂ ਤੋਂ ਪਹਿਲਾਂ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਐਲਾਨੇ ਗਏ 15 ਕਰੋੜ ਰੁਪਏ ਪੰਚਾਇਤਾਂ ਨੂੰ ਨਾ ਦਿੱਤੇ ਜਾਣ ’ਤੇ ਨਾਰਾਜ਼ਗੀ ਪ੍ਰਗਟ ਕੀਤੀ ਗਈ। ਮੀਟਿੰਗ ਵਿਚ ਕਾਂਗਰਸ ਦੇ ਜ਼ਿਲ੍ਹਾ ਇੰਚਾਰਜ ਅਤੇ ਟਰਾਂਸਪੋਰਟ ਮੰਤਰੀ ਅਮਰਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਿੱਧੇ ਤੌਰ ’ਤੇ ਦੋਸ਼ੀ ਠਹਿਰਾਇਆ ਗਿਆ।
ਇਸ ਮੌਕੇ ਮਾਰਕੀਟ ਕਮੇਟੀ ਬੋਹਾ ਦੇ ਵਾਈਸ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਨਵੀਨ ਕਾਲਾ ਨੇ ਕਿਹਾ, ‘‘ਅਸੀਂ ਕਾਂਗਰਸ ਵਿੱਚ ਜੰਮੇ ਹਾਂ ਅਤੇ ਕਾਂਗਰਸ ਵਿੱਚ ਹੀ ਮਰਾਂਗੇ ਪ੍ਰੰਤੂ ਪਾਰਟੀ ਹਾਈਕਮਾਂਡ ਵੱਲੋਂ ਹਲਕੇ ਦੇ ਸੀਨੀਅਰ ਆਗੂਆਂ, ਵਰਕਰਾਂ ਅਤੇ ਪੰਚਾਂ-ਸਰਪੰਚਾਂ ਨੂੰ ਅੱਖੋਂ ਪਰੋਖੇ ਕੀਤੇ ਜਾਣਾ ਬਰਦਾਸ਼ਤ ਨਹੀਂ ਕਰਾਂਗੇ।’’ ਕਾਂਗਰਸ ਆਗੂ ਹਰਪ੍ਰੀਤ ਪਿਆਰੀ ਛੀਨਾ, ਬਲਵਿੰਦਰ ਸਿੰਘ ਨੰਬਰਦਾਰ ਸੈਦੇਵਾਲਾ ਅਤੇ ਐਡਵੋਕੇਟ ਸਤਵੰਤ ਸਿੰਘ ਨੇ ਕਿਹਾ ਕਿ ਪਾਰਟੀ ਨੇ ਐਨ ਵੋਟਾਂ ਵੇਲੇ ਪੰਚਾਇਤਾਂ ਨਾਲ ਮਤਰੇਈ ਵਾਲਾ ਸਲੂਕ ਕਰ ਕੇ ਆਪਣੀ ਹੀ ਬੇੜੀ ਵਿੱਚ ਆਪ ਵੱਟੇ ਪਾ ਲਏ ਹਨ। ਉਨ੍ਹਾਂ ਕਿਹਾ ਕਿ ਜੇਕਰ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ ਨਾਲ ਕੋਈ ਨਾਰਾਜ਼ਗੀ ਸੀ ਤਾਂ ਪੰਚਾਇਤਾਂ ਨੂੰ ਸਿੱਧੇ ਤੌਰ ’ਤੇ ਵੀ ਫੰਡ ਦਿੱਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਇਸ ਖੇਤਰ ਦੇ ਲੋਕ ਬਹੁਤ ਨਾਰਾਜ਼ ਵਿਖਾਈ ਦੇ ਰਹੇ ਹਨ ਅਤੇ ਕਾਂਗਰਸ ਦਾ ਸਾਥ ਦੇਣ ਤੋਂ ਵਾਸਾ ਵੱਟ ਰਹੇ ਹਨ। ਉਨ੍ਹਾਂ ਪਾਰਟੀ ਵੱਲੋਂ ਐਲਾਨੀ ਨਵੀਂ ਉਮੀਦਵਾਰ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਉਨ੍ਹਾਂ ਕੋਲ ਆਉਣ ਤਾਂ ਸ੍ਰੀ ਰਾਜਾ ਵੜਿੰਗ ਨੂੰ ਜ਼ਰੂਰ ਨਾਲ ਨਾਲ ਲੈ ਕੇ ਆਉਣ। ਇਸ ਮੌਕੇ ਸਤਵੰਤ ਸਿੰਘ ਰਿਓਂਦ ਖੁਰਦ, ਗੁਰਬਾਜ ਸਿੰਘ ਸ਼ੇਰਖਾਂ, ਪਲਵਿੰਦਰ ਸਿੰਘ ਹਾਕਮਵਾਲਾ, ਕ੍ਰਿਸ਼ਨ ਸਿੰਘ ਜੀਵਨ ਨਗਰ, ਰਾਜਦੀਪ ਸਿੰਘ ਮੱਲ ਸਿੰਘ ਵਾਲਾ, ਅਜੈਬ ਸਿੰਘ ਤੇ ਜਸਪਾਲ ਸਿੰਘ ਫਰੀਦਕੇ (ਸਾਰੇ ਸਰਪੰਚ), ਬਲਾਕ ਸਮਿਤੀ ਬੁਢਲਾਡਾ ਦੇ ਵਾਈਸ ਚੇਅਰਮੈਨ ਗੁਰਦੀਪ ਸਿੰਘ, ਰਣਜੀਤ ਸਿੰਘ ਮਲਕੋਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।