ਨਵਕਿਰਨ ਸਿੰਘ
ਮਹਿਲ ਕਲਾਂ, 18 ਅਪਰੈਲ
ਖੇਤੀ ਖੇਤਰ ਲਈ ਬਿਜਲੀ ਸਪਲਾਈ ਨਾ ਮਿਲਣ ਤੋਂ ਅੱਕੇ ਪਿੰਡ ਕਲਾਲ ਮਾਜਰਾ, ਸਹਿਜੜ੍ਹਾ, ਮਹਿਲ ਕਲਾਂ ਦੇ ਕਿਸਾਨਾਂ ਵੱਲੋਂ ਸਬ ਡਿਵੀਜ਼ਨ ਗਰਿੱਡ ਮਹਿਲ ਕਲਾਂ ਅੱਗੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਮੱਘਰ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਕਰਮਜੀਤ ਸਿੰਘ ਕਲਾਲ ਮਾਜਰਾ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਜ਼ਿਆਦਾ ਗਰਮੀ ਪੈਣ ਕਾਰਨ ਹਰੇ ਚਾਰੇ ਨੂੰ ਪਾਣੀ ਲਾਉਣ ਦੀ ਬਹੁਤ ਜ਼ਰੂਰਤ ਹੈ ਤੇ ਹਰੇ ਚਾਰੇ ਨੂੰ ਸਮੇਂ ਸਿਰ ਪਾਣੀ ਨਾ ਲੱਗਣ ਕਾਰਨ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਨੇ ਆਲੂ ਪੁੱਟਣ ਤੋਂ ਬਾਅਦ ਜਾਂ ਕਣਕ ਦੀ ਫਸਲ ਸਮੇਟ ਕੇ ਉਸੇ ਖੇਤ ਵਿੱਚ ਮੱਕੀ, ਮੂੰਗੀ, ਸਬਜ਼ੀਆਂ ਦੀ ਬੀਜਾਈ ਕੀਤੀ ਹੈ ਤੇ ਬਿਜਲੀ ਨਾ ਮਿਲਣ ਕਾਰਨ ਫਸਲਾਂ ਖਰਾਬ ਹੋ ਰਹੀਆਂ ਹਨ।
ਇਸ ਮੌਕੇ ਕਿਸਾਨਾਂ ਨੇ ਐੱਸਡੀਓ ਨਿਤਿਨ ਕੁਮਾਰ ਨੂੰ ਆਪਣਾ ਇਕ ਮੰਗ ਪੱਤਰ ਦਿੱਤਾ। ਕਿਸਾਨਾਂ ਨੇ ਪਾਵਰਕੌਮ ਅਫਸਰਾਂ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਸਪਲਾਈ ਠੀਕ ਨਾ ਮਿਲੀ ਤਾਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ਜਾਮ ਕੀਤਾ ਜਾਵੇਗਾ।
ਇਸ ਮੌਕੇ ਕਿਸਾਨ ਆਗੂ ਕੁਲਵਿੰਦਰ ਸਿੰਘ, ਸਰਬਜੀਤ ਸਿੰਘ,ਗੁਰਮੇਲ ਸਿੰਘ,ਬਹਾਦਰ ਸਿੰਘ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।