ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 29 ਅਕਤੂਬਰ
ਲੰਬੇ ਸਮੇਂ ਤੋਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਜ਼ੀਰਾ ਦੇ ਘੰਟਾ ਘਰ ਚੌਕ ਵਿੱਚ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੋਈ ਵੀ ਕਾਨੂੰਨ ਕਿਸੇ ਵਿਅਕਤੀ ਨੂੰ ਸਜ਼ਾ ਪੂਰੀ ਹੋ ਜਾਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਰੱਖਣ ਦੀ ਇਜਾਜ਼ਤ ਨਹੀਂ ਦਿੰਦਾ, ਪਰ ਸਿੱਖ ਕੈਦੀ ਜੋ ਕਈ- ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਲੰਬੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਅਜੇ ਵੀ ਉਨ੍ਹਾਂ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਸਿੱਖਾਂ ਨੂੰ ਵੀ ਇਸ ਦੇਸ਼ ਦੇ ਨਾਗਰਿਕ ਮੰਨਦੀ ਹੈ ਤਾਂ ਸਿੱਖ ਕੌਮ ਨਾਲ ਦੋਹਰੇ ਮਾਪਦੰਡ ਅਪਣਾਉਣ ਵਾਲੀਆਂ ਸਾਜ਼ਿਸ਼ਾਂ ਨੂੰ ਬੰਦ ਕੀਤਾ ਜਾਵੇ। ਇਸ ਮੌਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ਼, ਬਹਬਿਲ ਕਲਾਂ ਤੇ
ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਪ੍ਰਸਿੱਧ ਤੇ ਨਿਧੜਕ ਢਾਡੀ ਭਾਈ ਗੁਰਭਾਗ ਸਿੰਘ ਮਰੂੜ, ਸੁਖਦੇਵ ਸਿੰਘ ਮਹੀਆਂ ਵਾਲਾ, ਪਿੱਪਲ ਸਿੰਘ ਉਮਰੀਆਣਾ, ਮੱਖਣ ਸਿੰਘ ਜ਼ੀਰਾ, ਰੂਪ ਸਿੰਘ ਬੋਤੀਆਂ ਵਾਲਾ, ਗੁਰਸੇਵਕ ਸਿੰਘ ਢੰਡੀਆਂ, ਆਤਮਾ ਸਿੰਘ ਜ਼ੀਰਾ, ਕੱਕਾ ਸਿੰਘ ਉਮਰੀਆਣਾ, ਜਰਨੈਲ ਸਿੰਘ ਉਮਰੀਆਣਾ, ਬੀਬੀ ਸਵਰਨਜੀਤ ਕੌਰ, ਸਤਵਿੰਦਰ ਕੌਰ, ਜੋਗਿੰਦਰ ਕੌਰ, ਸਰਬਜੀਤ ਕੌਰ, ਰਾਣੀ ਅਤੇ ਗੁਰਮੇਲ ਕੌਰ ਆਦਿ ਹਾਜ਼ਰ ਸਨ।