ਕਰਨ ਭੀਖੀ
ਭੀਖੀ, 10 ਫਰਵਰੀ
ਮਜ਼ਦੂਰ ਆਗੂ ਨੌਦੀਪ ਕੌਰ ਨੂੰ ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਕੇ ਕਰਨਾਲ ਜੇਲ੍ਹ ਵਿੱਚ ਬੰਦ ਕਰਨ ਖ਼ਿਲਾਫ਼ ਤੇ ਝੂਠੇ ਕੇਸ ਰੱਦ ਕਰ ਕੇ ਬਗ਼ੈਰ ਸ਼ਰਤ ਰਿਹਾਅ ਕਰਨ ਦੀ ਮੰਗ ਸਬੰਧੀ ਅੱਜ ਵੱਖ ਵੱਖ ਜਥੇਬੰਦੀਆਂ ਨੇ ਸ਼ਹਿਰ ਵਿੱਚ ਪ੍ਰਦਰਸ਼ਨ ਕਰ ਕੇ ਕੇਂਦਰ ਤੇ ਹਰਿਆਣਾ ਸਰਕਾਰ ਦਾ ਪੁਤਲਾ ਸਾੜਿਆ ਗਿਆ।
ਇਸ ਮੌਕੇ ਸੀਪੀਆਈਐੱਮਐੱਲ ਲਬਿਰੇਸ਼ਨ ਦੇ ਸੂਬਾ ਆਗੂ ਹਰਭਗਵਾਨ ਭੀਖੀ, ਸੀਨੀਅਰ ਆਗੂ ਧਰਮਪਾਲ ਨੀਟਾ, ਟਰੇਡ ਯੂਨੀਅਨ ਏਕਟੂ ਦੇ ਆਗੂ ਵਿਜੈ ਕੁਮਾਰ, ਨਵਯੁੱਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਭੁਪਿੰਦਰ ਫੌਜੀ ਨੇ ਕਿਹਾ ਕਿ ਪੰਜਾਬ ਦੀ ਧੀ ਨੌਦੀਪ ਕੌਰ ਕੁੰਡਲੀ ਦੀ ਫੈਕਟਰੀ ਵਿੱਚ ਨੌਕਰੀ ਕਰਦਿਆਂ ਮਜ਼ਦੂਰਾਂ ਦੀਆਂ ਮੰਗਾਂ ਲਈ ਲਗਾਤਾਰ ਸਰਗਰਮ ਸੀ, ਜਿਸ ਕਾਰਨ ਉਹ ਮਾਲਕਾਂ ਤੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਰੜਕਦੀ ਸੀ ਪਰ ਜਦੋਂ ਕਿਸਾਨ ਅੰਦੋਲਨ ਸਿੰਘੂ ਬਾਰਡਰ ’ਤੇ ਪਹੁੰਚਿਆ ਤਾਂ ਨੌਦੀਪ ਆਪਣੇ ਮਜ਼ਦੂਰ ਸਾਥੀਆਂ ਸਮੇਤ ਇਸ ਅੰਦੋਲਨ ਦਾ ਹਿੱਸਾ ਬਣੀ ਤੇ ਕਿਸਾਨ ਮੋਰਚੇ ਦੀਆਂ ਸਟੇਜਾਂ ਤੋਂ ਸੰਬੋਧਨ ਕਰਨ ਲੱਗੀ, ਜਿਸ ਕਾਰਨ ਮਾਲਕਾਂ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਉਨ੍ਹਾਂ ਕਿਹਾ ਜਦ ਮਜ਼ਦੂਰ ਮੰਗਾਂ ਸਬੰਧੀ ਉਹ ਫੈਕਟਰੀ ਗਏ ਤਾਂ ਮਾਲਕਾਂ ਦੇ ਗੁੰਡਿਆਂ ਤੇ ਪੁਲੀਸ ਨੇ ਹਮਲਾ ਕਰ ਦਿੱਤਾ ਤੇ ਨੌਦੀਪ ਨੂੰ ਜਬਰੀ ਜੀਪ ਵਿੱਚ ਸੁੱਟ ਕੇ ਥਾਣੇ ਲੈ ਗਏ। ਥਾਣੇ ’ਚ ਪੁਲੀਸ ਵੱਲੋਂ ਉਸ ’ਤੇ ਤਸ਼ੱਦੱਦ ਢਾਹਿਆ ਗਿਆ ਤੇ ਝੂਠਾ ਪਰਚਾ ਦਰਜ ਕਰ ਕੇ ਕਰਨਾਲ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਨੌਦੀਪ ਕੌਰ ਸਮੇਤ ਹੋਰਨਾਂ ਉੱਪਰ ਪਾਏ ਜਾ ਰਹੇ ਝੂਠੇ ਕੇਸ ਰੱਦ ਕਰ ਕੇ ਸਭ ਨੂੰ ਰਿਹਾਅ ਕੀਤਾ ਜਾਵੇ।
ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਬਿੰਦਰ ਸਿੰਘ, ਰਜਿੰਦਰ ਜਾਫਰੀ, ਰਾਮ ਅਕਲੀਆ, ਅਮਰੀਕ ਭੀਖੀ, ਜਸ਼ਨਦੀਪ ਸ਼ਰਮਾ ਤੇ ਸਫਾਈ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕੀਤਾ।