ਐਨਪੀ ਸਿੰਘ
ਬੁਢਲਾਡਾ, 11 ਜੂਨ
ਸਥਾਨਕ ਸ਼ਹਿਰ ਦੀਆਂ ਕੈਂਚੀਆਂ ਤੋਂ ਲੰਘਣ ਵਾਲੇ ਕੌਮੀ ਮਾਰਗ-148 ਬੀ ਦੇ ਪ੍ਰਭਾਵਿਤ ਗ਼ਰੀਬ ਤੇ ਮਿਹਨਤਕਸ਼ ਲੋਕਾਂ ਵੱਲੋਂ ਮੁਆਵਜ਼ੇ ਲਈ ਫਲਾਈਓਵਰ ਹੇਠਾਂ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਧਰਨਾ ਦਿੱਤਾ ਗਿਆ। ਪੀੜਤ ਲੋਕਾਂ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਭਰਾਤਰੀ ਜਥੇਬੰਦੀਆਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਜੋਗਿੰਦਰ ਸਿੰਘ ਦਿਆਲਪੁਰਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਲੋਕ ਪੱਖੀ ਕਹਾਉਣ ਵਾਲੀ ਸਰਕਾਰ ਗ਼ਰੀਬਾਂ ਦਾ ਭਲਾ ਕਰਨ ਦੀ ਥਾਂ ਉਨ੍ਹਾਂ ’ਤੇ ਜ਼ੁਲਮ ਢਾਹ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਇਨ੍ਹਾਂ ਗ਼ਰੀਬ ਅਤੇ ਦਿਹਾੜੀਦਾਰ ਪਰਿਵਾਰਾਂ ਨੂੰ ਖੱਜਲ ਕਰਨ ਤੋਂ ਦੇਖੀ ਜਾ ਸਕਦੀ ਹੈ। ਇਨ੍ਹਾਂ ਨੂੰ ਪਿਛਲੇ ਚਾਰ ਸਾਲਾਂ ਤੋਂ ਮੁਆਵਜ਼ੇ ਦੀ ਥਾਂ ਲਾਰੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਪੰਜਾਬ ਵਕਫ਼ ਬੋਰਡ ਦੇ ਅਧਿਕਾਰੀਆਂ ਵੱਲੋਂ ਪੀੜਤਾਂ ਦੀਆਂ ਇਮਾਰਤਾਂ ਦੇ ਮੁਆਵਜ਼ੇ ਨਹੀਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਜਥੇਬੰਦੀ ਗ਼ਰੀਬਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਗ਼ਰੀਬਾਂ ਨੂੰ ਘਰ ਉਸਾਰ ਕੇ ਦੇਣ ਦੀਆਂ ਗੱਲਾਂ ਕਰਦੀਆਂ ਹਨ ਦੂਜੇ ਪਾਸੇ ਗ਼ਰੀਬਾਂ ਨੂੰ ਉਜਾੜ ਕੇ ਉਨ੍ਹਾਂ ਦੇ ਬਣਦੇ ਮੁਆਵਜ਼ੇ ਤੱਕ ਨਹੀਂ ਦੇ ਰਹੀਆਂ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਮਿਹਨਤਕਸ਼ਾਂ ਨੂੰ ਮੁਆਵਜ਼ਾ ਇਨ੍ਹਾਂ ਦੇ ਖਾਤੇ ਵਿੱਚ ਨਹੀਂ ਪੈਂਦਾ, ਜਥੇਬੰਦੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਗ੍ਹਾ ਦਾ ਕਬਜ਼ਾ ਨਹੀਂ ਲੈਣ ਦੇਵੇਗੀ।
ਧਰਨੇ ਦੌਰਾਨ ਬਲਾਕ ਵਿਕਾਸ ਪੰਚਾਇਤ ਅਫ਼ਸਰ ਸੁਖਵਿੰਦਰ ਸਿੰਘ ਨੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੋਮਵਾਰ ਨੂੰ ਉਨ੍ਹਾਂ ਦੀ ਮੀਟਿੰਗ ਐੱਸਡੀਐੱਮ ਬੁਢਲਾਡਾ ਨਾਲ ਕਰਵਾ ਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ। ਇਸ ਮਗਰੋਂ ਜਥੇਬੰਦੀ ਵੱਲੋਂ ਅਗਲੀ ਗੱਲਬਾਤ ਤੱਕ ਧਰਨਾ ਮੁਅਤਲ ਕਰ ਦਿੱਤਾ ਗਿਆ।
ਇਸ ਮੌਕੇ ਜਗਤਾਰ ਸਿੰਘ, ਜਗਦੀਸ਼ ਸਿੰਘ, ਤਾਰੀ ਸਿੰਘ, ਸੀਰਾ ਸਿੰਘ, ਰਮਨ ਕੁਮਾਰ, ਰਾਜੂ ਤਨੇਜਾ, ਹੈਪੀ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ, ਰਣਧੀਰ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਕਾਲਾ ਸਿੰਘ, ਕਰਮਜੀਤ ਸਿੰਘ, ਰਾਜੂ ਨੰਬਰਦਾਰ, ਮੇਜਰ ਸਿੰਘ ਦੋਦੜਾ, ਜਗਸੀਰ ਸਿੰਘ ਭਾਦੜਾ, ਰਾਜਦੀਪ ਸਿੰਘ, ਕੁਲਵਿੰਦਰ ਸਿੰਘ, ਨਛੱਤਰ ਸਿੰਘ, ਬਲਦੇਵ ਸਿੰਘ, ਜਗਰੂਪ ਸਿੰਘ ਜਥੇਬੰਦੀ ਦੇ ਮੈਂਬਰਾਂ ਤੋਂ ਇਲਾਵਾਂ ਭਾਰੀ ਗਿਣਤੀ ਵਿੱਚ ਔਰਤਾਂ ਵੀ ਮੌਜੂਦ ਸਨ।