ਪੱਤਰ ਪ੍ਰੇਰਕ
ਮਹਿਲ ਕਲਾਂ, 12 ਜੁਲਾਈ
ਪਿੰਡ ਕੁਰੜ ਦੀ ਸਹਿਕਾਰੀ ਸੁਸਾਇਟੀ ਵਿੱਚ ਲਗਪਗ ਡੇਢ ਮਹੀਨੇ ਤੋਂ ਖਾਦ ਨਾ ਆਉਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਪਿੰਡ ਇਕਾਈ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕਾਈ ਪ੍ਰਧਾਨ ਜਸਵਿੰਦਰ ਸਿੰਘ, ਗੁਰਦੇਵ ਮਾਂਗੇਵਾਲ, ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਅਤੇ ਹਾਕਮ ਸਿੰਘ ਨੇ ਕਿਹਾ ਕਿ ਸਮੇਂ ਸਿਰ ਖਾਦ ਦਾ ਪ੍ਰਬੰਧ ਕਰਨਾ ਸੁਸਾਇਟੀ ਦੇ ਕਰਮਚਾਰੀਆਂ ਅਤੇ ਸੁਸਾਇਟੀ ਦੇ ਪ੍ਰਧਾਨ/ਮੈਂਬਰਾਂ ਦੀ ਜ਼ਿੰਮੇਬਾਰੀ ਬਣਦੀ ਸੀ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਇਸ ਸਮੇਂ ਖਾਦ ਦੀ ਬਹੁਤ ਲੋੜ ਹੈ ਅਤੇ ਸਮੇਂ ਤੋਂ ਬਾਅਦ ਪਾਈ ਖਾਦ ਦਾ ਫ਼ਸਲ ਨੂੰ ਫਾਇਦਾ ਨਹੀਂ ਨੁਕਸਾਨ ਹੀ ਹੋਵੇਗਾ। ਇਸ ਲਈ ਸਮੇਂ ਸਿਰ ਖਾਦ ਨਾ ਆਉਣ ਕਾਰਨ ਕਿਸਾਨਾਂ ਦੇ ਮਨਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਸਹਿਕਾਰੀ ਸੁਸਾਇਟੀ ਦੇ ਪ੍ਰਬੰਧਕਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਉਹ ਖਾਦ ਲੈਣ ਲਈ ਯਤਨ ਕਰ ਰਹੇ ਹਨ ਪਰ ਡੀਐੱਫਐੱਸਓ ਬਰਨਾਲਾ ਵੱਲੋਂ ਲਗਾਤਾਰ ਲਾਰੇ ਲਾਏ ਜਾਣ ਕਾਰਨ ਖਾਦ ਸੁਸਾਇਟੀ ਵਿੱਚ ਨਹੀਂ ਪਹੁੰਚੀ। ਇਸ ਦੌਰਾਨ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 17 ਜੁਲਾਈ ਤੱਕ ਸੁਸਾਇਟੀ ਵਿੱਚ ਖਾਦ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਡੀਐੱਫਐੱਸਓ ਬਰਨਾਲਾ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਬਣਦਾ ਤਾਂ ਇਹ ਸੀ ਕਿ ਕਿਸਾਨਾਂ ਨੂੰ ਫਸਲ ਪਾਲਣ ਲਈ ਹਰ ਸਹੂਲਤ ਸਹਿਕਾਰੀ ਸੁਸਾਇਟੀਆਂ ਵਿੱਚੋਂ ਸਮੇਂ ਸਿਰ ਮਿਲਦੀ ਪਰ ਹਕੀਕਤ ਇਹ ਹੈ ਕਿ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਸਹਿਕਾਰੀ ਸੁਸਾਇਟੀਆਂ ਸਹੂਲਤਾਂ ਦੀ ਘਾਟ ਕਾਰਨ ਦਮ ਤੋੜ ਰਹੀਆਂ ਹਨ। ਇਸ ਮੌਕੇ ਆਤਮਾ ਸਿੰਘ, ਸੁਮਨਦੀਪ ਸਿੰਘ ਤੇ ਚੰਦ ਸਿੰਘ ਆਦਿ ਹਾਜ਼ਰ ਸਨ।