ਜੋਗਿੰਦਰ ਸਿੰਘ ਮਾਨ
ਮਾਨਸਾ, 12 ਫਰਵਰੀ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਭਾਜਪਾ ਦੀ ਹਰਿਆਣਾ ਸਰਕਾਰ ਵੱਲੋਂ 12 ਜਨਵਰੀ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਆਗੂ ਨੌਦੀਪ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਲਈ ਜ਼ਿਲ੍ਹੇ ਦੇ ਪਿੰਡਾਂ ਅੰਦਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਥੀਆਂ ਸਾੜੀਆਂ ਗਈਆ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਮਜ਼ਦੂਰ ਆਗੂ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਖਿਲਾਫ਼ ਦੇਸ਼ ਭਰ ਵਿੱਚ ਹੋਏ ਵਿਰੋਧ ਕਾਰਨ ਭਾਵੇਂ ਗ੍ਰਿਫ਼ਤਾਰ ਆਗੂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ, ਪਰ ਪੁਲੀਸ ਵੱਲੋਂ ਪਾਏ ਝੂਠੇ ਪਰਚੇ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗੁਰਜੰਟ ਸਿੰਘ, ਗੁਰਮੀਤ ਸਿੰਘ, ਗੋਰਾ ਸਿੰਘ ਭੈਣੀਬਾਘਾ, ਐਡਵੋਕੇਟ ਬਲਕਰਨ ਬੱਲੀ, ਗੁਰਵਿੰਦਰ ਸਿੰਘ ਨੰਦਗੜ੍ਹ, ਅਭੀ ਮਾਨਸਾ, ਕਿ੍ਰਸ਼ਣਾ ਕੌਰ, ਸੁਰਿੰਦਰ ਕੌਰ, ਗੁਰਮੀਤ ਕੌਰ, ਆਰਤੀ ਰਾਣੀ ਤੇ ਜਰਨੈਲ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਭਰ ’ਚ ਅਰਥੀਆਂ ਫੂਕਦਿਆਂ ਕੇਂਦਰ ਸਰਕਾਰ ਦੇ ਮਾੜੇ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ-ਮਜ਼ਦੂਰਾਂ ਉੱਪਰ ਢਾਹੇ ਜਾ ਰਹੇ ਜ਼ੁਲਮ ਕਾਰਨ ਦੇਸ਼ ਭਰ ’ਚ ਮੋਦੀ ਹਕੂਮਤ ਵਿਰੁੱਧ ਦਿਨੋਂ-ਦਿਨ ਰੋਹ ਪ੍ਰਚੰਡ ਹੋ ਰਿਹਾ।
ਗੋਨਿਆਣਾ ਮੰਡੀ (ਮਨੋਜ ਸ਼ਰਮਾ): ਇੱਥੇ ਪੰਜਾਬ ਖੇਤੀ ਮਜ਼ਦੂਰ ਯੂਨੀਅਨ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਦਾਣਾ ਮੰਡੀ ਵਿੱਚ ਵੱਡੀ ਇਕੱਤਰਤਾ ਕੀਤੀ। ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਭੜਾਸ ਕੱਢੀ ਅਤੇ ਮਜ਼ਦੂਰ ਆਗੂ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ। ਇਕੱਠ ਨੂੰ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਅਤੇ ਕ੍ਰਾਂਤੀਕਾਰੀ ਯੂਨੀਅਨ ਦੇ ਸੁਖਪਾਲ ਸਿੰਘ ਖ਼ਿਆਲੀ ਵਾਲਾ ਨੇ ਸੰਬੋਧਨ ਕੀਤਾ। ਅੱਜ ਗੋਨਿਆਣਾ ਮੰਡੀ ਵਿੱਚ ਬੈਨਰ ਹੇਠ ਮਾਲ ਰੋਡ ਗੋਨਿਆਣਾ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੂਬਾਈ ਆਗੂ ਸੁਖਪਾਲ ਖ਼ਿਆਲੀ ਵਾਲਾ ਨੇ ਕਿਹਾ ਕਿ ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਸਮੇਂ ਦੀ ਸਰਕਾਰ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੀਦੀ ਹੈ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਮਜ਼ਦੂਰ ਮੁਕਤੀ ਮੋਰਚੇ ਵੱਲੋਂ ਅੱਜ ਪੱਖੋ-ਕੈਚੀਆਂ ਵਿੱਚ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਅਰਥੀ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਮੱਖਣ ਸਿੰਘ ਰਾਮਗੜ੍ਹ ਨੇ ਕਿਹਾ ਕਿ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਧੀ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਕਰਨਾਲ ਜੇਲ੍ਹ ਵਿੱਚ ਬੰਦ ਕਰਕੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਸ ਦਾ ਕਸੂਰ ਸਿਰਫ਼ ਇਹ ਸੀ ਕਿ ਮਜ਼ਦੂਰਾਂ ਦੀਆਂ ਮੰਗਾਂ ਮਨਾਉਣ ਲਈ ਫੈਕਟਰੀ ਮਾਲਕਾਂ ਨਾਲ ਲੜਾਈ ਲੜ ਰਹੀ ਸੀ। ਜਦੋਂ ਨੌਦੀਪ ਕਿਸਾਨੀ ਸੰਘਰਸ਼ ਲਈ ਮਜ਼ਦੂਰਾਂ ਨੂੰ ਲਾਮਬੰਦ ਕਰ ਰਹੀ ਸੀ ਤਾਂ ਫੈਕਟਰੀ ਮਾਲਕਾਂ ਨੇ ਪਹਿਲਾਂ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਫਿਰ ਮਾਲਕਾਂ ਦੇ ਗੁੰਡੇ ਹਰਿਆਣਾ ਪੁਲੀਸ ਨਾਲ ਮਿਲ ਕੇ ਥਾਣੇ ਲੈ ਗਏ ਅਤੇ ਝੂਠੇ ਪਰਚੇ ਪਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ।
ਉਨ੍ਹਾਂ ਕਿਹਾ ਕਿ ਜੇ ਹਰਿਆਣਾ ਸਰਕਾਰ ਨੇ ਨੌਦੀਪ ਨੂੰ ਬਿਨ੍ਹਾਂ ਸ਼ਰਤ ਰਿਹਾਆ ਨਾ ਕੀਤਾ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਸ਼ਿੰਗਾਰਾ ਸਿੰਘ ਚੁਹਾਨਕੇ, ਜਗਰਾਜ ਸਿੰਘ ਤਾਜੋਕੇ, ਜੱਸੀ ਸੁਖਪੁਰਾ, ਗੁਰਜੰਟ ਰਾਮਗੜ੍ਹ ਤੇ ਸੰਦੀਪ ਕੌਰ ਬਖਤਗੜ੍ਹ ਹਾਜ਼ਰ ਸਨ।
ਧਨੌਲਾ ਬੱਸ ਸਟੈਂਡ ’ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਬਰਨਾਲਾ (ਰਵਿੰਦਰ ਰਵੀ): ਕਿਸਾਨ-ਮਜ਼ਦੂਰ ਮੁਕਤੀ ਮੋਰਚਾ ਦੀ ਮੀਤ ਪ੍ਰਧਾਨ ਰਾਣੀ ਕੌਰ ਕੁੱਬੇ ਦੀ ਪ੍ਰਧਾਨਗੀ ਹੇਠ ਪੁਲੀਸ ਵੱਲੋਂ ਗ੍ਰਿਫਤਾਰ ਕੀਤੀ ਲੜਕੀ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਲਈ ਬੱਸ ਸਟੈਂਡ ਧਨੌਲਾ ’ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਰਾਣੀ ਕੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਕਰੇ ਤੇ ਹਰਿਆਣਾ ਸਰਕਾਰ ਵੱਲੋਂ ਗ੍ਰਿਫਤਾਰ ਕੀਤੀ ਭੈਣ ਨੌਦੀਪ ਕੌਰ ਨੂੰ ਤੁਰੰਤ ਰਿਹਾ ਕਰੇ। ਇਸ ਮੌਕੇ ਕਰਮਜੀਤ ਕੌਰ ਅਤਰਸਿੰਘ ਵਾਲਾ, ਅੰਗਰੇਜ ਕੌਰ, ਚਰਨਜੀਤ ਕੌਰ, ਰਾਜਵਿੰਦਰ ਕੌਰ ਧਨੌਲਾ, ਗੁਰਮੇਲ ਕੌਰ, ਜਸਵੀਰ ਕੌਰ ਆਦਿ ਮੌਜੂਦ ਸਨ।