ਭਾਰਤ ਭੂਸ਼ਨ ਸ਼ਰਮਾ
ਕੋਟਕਪੂਰਾ, 25 ਅਪਰੈਲ
ਸਥਾਨਕ ਬੱਤੀਆਂ ਵਾਲੇ ਚੌਕ ਵਿਚ ਟਾਟਾ ਏਸ ਛੋਟਾ ਹਾਥੀ ਯੂਨੀਅਨ ਦੇ 200 ਤੋਂ ਵੱਧ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਵਿਚ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਇਹ ਗ਼ੈਰ-ਕਾਨੂੰਨੀ ਵਾਹਨ ਸੜਕਾਂ ’ਤੇ ਨਹੀਂ ਦੌੜ ਸਕਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਏਡੀਜੀਪੀ (ਟਰਾਂਸਪੋਰਟ) ਪੰਜਾਬ ਦੇ ਆਦੇਸ਼ ’ਤੇ ਸੂਬੇ ਅੰਦਰ ਚੱਲ ਰਹੀਆਂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ। ਮਗਰੋਂ ਮਾਮਲਾ ਭਖਣ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਵਿਚ ਦਖਲ ਦਿੰਦਿਆਂ ਏਡੀਜੀਪੀ (ਟਰਾਂਸਪੋਰਟ) ਦੇ ਆਦੇਸ਼ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਸੂਬੇ ਅੰਦਰ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਨ ਦੇ ਫ਼ੈਸਲੇ ਖ਼ਿਲਾਫ਼ ਇਸ ਵਾਹਨ ਤੋਂ ਰੋਜ਼ੀ ਕਮਾਉਣ ਵਾਲੇ ਲੋਕਾਂ ਨੇ ਵਿਧਾਨ ਸਭਾ ਦੇ ਸਪੀਕਰ ਦੇ ਘਰ ਦਾ ਘਿਰਾਓ ਕਰ ਕੇ ਆਪਣਾ ਰੋਸ ਜ਼ਾਹਿਰ ਕੀਤਾ ਸੀ।
ਧਰਨਾਕਾਰੀ ਬੋਹੜ ਸਿੰਘ ਨੇ ਆਖਿਆ ਕਿ ਉਸ ਨੇ ਕਰਜ਼ਾ ਚੁੱਕ ਕੇ ਛੋਟਾ ਹਾਥੀ ਕਿਸ਼ਤਾਂ ’ਤੇ ਲਿਆ ਹੈ। ਉਨ੍ਹਾਂ ਨੂੰ ਪੂਰਾ ਕੰਮ ਨਾ ਮਿਲਣ ਕਾਰਨ ਵਾਹਨਾਂ ਦੀਆਂ ਕਿਸ਼ਤਾਂ ਭਰਨ ਵਿੱਚ ਵੀ ਮੁਸ਼ਕਿਲ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਹੋ ਹਾਲਾਤ ਰਹੇ ਤਾਂ ਉਨ੍ਹਾਂ ਦੇ ਪਰਿਵਾਰ ਭੁੱਖੇ ਮਰ ਜਾਣਗੇ। ਇਸੇ ਤਰ੍ਹਾਂ ਚਾਲਕ ਨਿਰਮਲ ਸਿੰਘ ਨੇ ਆਖਿਆ ਕਿ ਜੇ ਸਰਕਾਰ ਗ਼ੈਰ-ਕਾਨੂੰਨੀ ਵਾਹਨਾਂ ਨੂੰ ਸੜਕਾਂ ’ਤੇ ਦੌੜਨ ਦੀ ਆਗਿਆ ਦੇ ਸਕਦੀ ਹੈ ਤਾਂ ਉਨ੍ਹਾਂ ਦੇ ਵਾਹਨਾਂ ਦੇ ਟੈਕਸ ਘੱਟ ਕਰੇ, ਟੌਲ ਟੈਕਸ ਅਤੇ ਹੋਰ ਖ਼ਰਚੇ ਮੁਆਫ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਦੀ ਵਗਾਰਾਂ ਵੀ ਝੱਲ ਰਹੇ ਹਨ, ਜਦਕਿ ਮੋਟਰਸਾਈਕਲ ਰੇਹੜੀ ਵਾਲਿਆਂ ਨੂੰ ਵਗਾਰ ਵੀ ਨਹੀਂ ਪੈਂਦੀ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਛੋਟਾ ਹਾਥੀ ਟੈਂਪੂ ਯੂਨੀਅਨ ਅਤੇ ਪਿੱਕਅੱਪ ਗੱਡੀਆਂ ਯੂਨੀਅਨ ਦੇ ਮੈਂਬਰਾਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕਿ ਮੁੱਖ ਚੌਕ ਜ਼ੀਰਾ ਵਿਚ ਜਾਮ ਲਗਾ ਕੇ ਧਰਨਾ ਦਿੱਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਯੂਨੀਅਨਾਂ ਦੇ ਪ੍ਰਧਾਨਾਂ ਨੇ ਦੱਸਿਆ ਕਿ ਮੋਟਰਸਾਈਕਲ ਰੇਹੜੀਆਂ ਕਾਰਨ ਉਨ੍ਹਾਂ ਦਾ ਕੰਮ ਪਹਿਲਾਂ ਹੀ ਠੱਪ ਸੀ, ਉੱਪਰੋਂ ਪੰਜਾਬ ਸਰਕਾਰ ਵੱਲੋਂ ਮੋਟਰਸਾਈਕਲ ਰੇਹੜੀਆਂ ਬੰਦ ਕੀਤੇ ਜਾਣ ਦਾ ਫ਼ੈਸਲਾ ਵਾਪਿਸ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਹਨਾਂ ਦੀਆਂ ਕਿਸ਼ਤਾਂ ਦੇਣੀਆਂ ਅਤੇ ਘਰ ਚਲਾਉਣੇ ਔਖੇ ਹੋ ਰਹੇ ਹਨ। ਕੰਮ ਨਾ ਮਿਲਣ ਕਾਰਨ ਉਹ ਆਰਥਿਕ ਤੰਗੀ ਵਿੱਚੋਂ ਗੁਜ਼ਰ ਰਹੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।
ਇਸ ਸਮੇਂ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਯੂਨੀਅਨਾਂ ਤੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਲੈ ਕੇ ਜਾਮ ਖੁੱਲ੍ਹਵਾਇਆ।