ਪੱਤਰ ਪ੍ਰੇਰਕ
ਮਾਨਸਾ, 13 ਨਵੰਬਰ
ਪੰਜਾਬ ਦੇ ਸਮੂਹ ਪ੍ਰਾਈਵੇਟ ਸਕੂਲ,ਕਾਲਜ ਤੇ ਯੁਨੀਵਰਸਿਟੀਆਂ ਵਿੱਚ ਚੱਲਦੀਆਂ ਵੈਨਾਂ ਅਤੇ ਬੱਸਾਂ ਦੇ ਚਾਲਕਾਂ ਅਤੇ ਮਾਲਕਾਂ ਵਲੋਂ ਅੱਜ ਮੁੱਖ ਸੜਕਾਂ ਕਿਨਾਰੇ ਸਕੂਲ ਵਾਹਨਾਂ ਦਾ ਚੱਕਾ ਜਾਮ ਕਰਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਸਕੂਲ-ਕਾਲਜ ਜਥੇਬੰਦੀ ਫੈਡਰੇਸ਼ਨ,ਰਾਸਾ ਅਤੇ ਪੀਪੀਐੱਸਓ ਦੇ ਸੱਦੇ ’ਤੇ ਕੀਤੇ ਗਏ ਵਿਰੋਧ ਪ੍ਰਦਰਸ਼ਨ ਕਾਰਨ ਸਾਰੀਆਂ ਸੜਕਾਂ ਕੇਸਰੀ ਰੰਗ ਵਿੱਚ ਰੰਗੀਆਂ ਗਈਆਂ। ਵੈਨ ਚਾਲਕ ਅਤੇ ਮਾਲਕ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਗੁਆਂਢੀ ਰਾਜਾਂ ਵਾਂਗ ਪੰਜਾਬ ਦੀਆਂ ਸਕੂਲ-ਕਾਲਜ ਵੈਨਾਂ ਨੂੰ ਵੀ ਟੈਕਸ ਮੁਕਤ ਕੀਤਾ ਜਾਵੇ। ਇਸ ਮੌਕੇ ਸਕੂਲ ਯੂਨੀਅਨ ਰਾਸਾ ਦੇ ਸੂਬਾ ਆਗੂ ਹਰਦੀਪ ਸਿੰਘ ਜਟਾਣਾ ਨੇ ਕਿਹਾ ਕਿ ਜੇ ਅੱਜ ਵੀ ਸਰਕਾਰ ਨੇ ਸਕੂਲ ਵੈਨਾਂ ਨੂੰ ਟੈਕਸ ਮੁਕਤ ਨਾ ਕੀਤਾ ਤਾਂ ਅਗਲੇ ਸਾਲਾਂ ਵਿੱਚ ਵੈਨਾਂ ਬੰਦ ਹੋਣ ਕਾਰਨ ਪੰਜਾਬ ਦੇ ਲੱਖਾਂ ਵਿਦਿਆਰਥੀ ਸਕੂਲਾਂ ਤੱਕ ਨਹੀਂ ਪੁੱਜ ਸਕਣਗੇ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਨਿੱਜੀ ਸਕੂਲ ਮਾਲਕਾਂ ਅਤੇ ਵੈਨ ਮਾਲਕਾਂ ਵੱਲੋਂ ਅੱਜ ਸਕੂਲ ਵੈਨਾਂ ਨੂੰ ਸੜਕਾਂ ਦੇ ਕਿਨਾਰੇ ਖੜ੍ਹਾ ਕਰਕੇ ਨਿਵੇਕਲਾ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਸਕੂਲ ਵੈਨਾਂ ਨੂੰ ਕਰੋਨਾ ਕਾਲ ਦੇ ਟੈਕਸ ਤੋਂ ਮੁਆਫੀ ਦੇ ਨਾਲ ਪੱਕੇ ਤੌਰ ’ਤੇ ਟੈਕਸ ਮੁਆਫ ਕੀਤੇ ਜਾਣ ਦੀ ਮੰਗ ਕੀਤੀ ਤਾਂ ਜੋ ਇਸ ਨਾਲ ਵਿਦਿਆਰਥੀਆਂ ਦੇ ਮਾਪਿਆਂ ਉਪਰ ਪੈਣ ਵਾਲਾ ਆਰਥਿਕ ਬੋਝ ਘਟ ਸਕੇ। ‘ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ’ ਦੇ ਪ੍ਰਧਾਨ ਪ੍ਰਿਤਪਾਲ ਸ਼ਰਮਾ ਤੇ ਸਕੂਲ ਵੈਨਾਂ ਦੇ ਮਾਲਕ ਕੁਲਵਿੰਦਰ ਸਿੰਘ ਨੇ ਮੰਗ ਕੀਤੀ ਕਿ ਇਹ ਟੈਕਸ ਹਰਿਆਣਾ ਦੀ ਤਰਜ਼ ’ਤੇ ਮੁਆਫ ਕੀਤਾ ਜਾਵੇ।
ਬਾਘਾ ਪੁਰਾਣਾ (ਪੱਤਰ ਪ੍ਰੇਰਕ): ਫਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੇ ਅੱਜ ਇੱਥੇ ਮੋਗਾ-ਕੋਟਕਪੂਰਾ ਸੜਕ ਉਪਰ ਸਕੂਲਾਂ ਦੀਆਂ ਬੱਸਾਂ ਨੂੰ ਸੜਕ ਦੇ ਕਿਨਾਰਿਆਂ ਉਪਰ ਖੜ੍ਹੀਆਂ ਕਰ ਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਕੋਲ ਆਪਣਾ ਰੋਸ ਭਰਿਆ ਸੁਨੇਹਾ ਪੁੱਜਦਾ ਕੀਤਾ। ਪ੍ਰਬੰਧਕਾਂ ਨੇ ਸਕੂਲ ਵੀ ਅੱਜ ਪੂਰੀ ਤਰ੍ਹਾਂ ਬੰਦ ਰੱਖੇ। ਜ਼ੀਰਾ(ਪੱਤਰ ਪ੍ਰੇਰਕ): ਜ਼ੀਰਾ ਵਿੱਚ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਨਵਾਂ ਜ਼ੀਰਾ ਨਜ਼ਦੀਕ ਸਕੂਲਾਂ ਦੀਆਂ ਬੱਸਾਂ ਲਗਾ ਕੇ ਸ਼ਾਂਤਮਈ ਰੋਸ ਕੀਤਾ ਪ੍ਰਦਰਸ਼ਨ ਕੀਤਾ ਗਿਆ। ਇਸ ਸ਼ਾਂਤਮਈ ਪ੍ਰਦਰਸ਼ਨ ਵਿੱਚ ਪੈਰਾਡਾਈਜ਼ ਪਬਲਿਕ ਸਕੂਲ ,ਨਿਊ ਪੈਰਾਡਾਈਜ਼ ਪਬਲਿਕ ਸਕੂਲ, ਐਮਬਰੋਜ਼ੀਅਲ ਪਬਲਿਕ ਸਕੂਲ, ਦੂਨ ਵੈਲੀ ਪਬਲਿਕ ਸਕੂਲ , ਐੱਸਐੱਸਐਮ ਪਬਲਿਕ ਸਕੂਲ ਕੱਸੋਆਣਾ, ਬਜਰੰਗ ਭਵਨ ਸਕੂਲ ਜ਼ੀਰਾ, ਜੈਨ ਸਕੂਲ ਜ਼ੀਰਾ ਤੇ ਹੋਰ ਨਿੱਜੀ ਸਕੂਲਾਂ ਦੇ ਚੇਅਰਮੈਨ, ਪ੍ਰਿੰਸੀਪਲ ਤੇ ਸਮੂਹ ਡਰਾਈਵਰ ਤੇ ਕੰਡਕਟਰ ਮੌਜੂਦ ਸਨ।
ਧਨੌਲਾ (ਪੱਤਰ ਪ੍ਰੇਰਕ): ਇੱਥੇ ਅੱਜ ਗਰੀਨ ਫੀਲਡ ਕਾਨਵੈਂਟ ਸਕੂਲ ਦਾਨਗੜ੍ਹ ਦੇ ਬੱਸ ਅਪਰੇਟਰਾਂ ਵੱਲੋਂ ਹਾਈਵੇਅ ’ਤੇ ਗੱਡੀਆਂ ਰੋਕ ਕੇ ਆਪਣਾ ਸ਼ਾਂਤੀਪੂਰਵਕ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਸਕੂਲ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ, ਮੈਨੇਜਰ ਮਹਿੰਦਰ ਸਿੰਘ, ਬੱਸ ਚਾਲਕ ਜਸਵਿੰਦਰ ਸਿੰਘ, ਜਰਨੈਲ ਸਿੰਘ ਹਾਜ਼ਰ ਸਨ। ਇਸ ਦੌਰਾਨ ਮਾਤਾ ਗੁਜਰੀ ਪਬਲਿਕ ਸਕੂਲ ਧਨੌਲਾ ਦੇ ਚੇਅਰਮੈਨ ਬਿਕਰਮਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਸਕੂਲ ਬੱਸਾਂ ਨੂੰ ਕੌਮੀ ਮਾਰਗ 7 ’ਤੇ ਖੜੀਆਂ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਭੀਖੀ (ਪੱਤਰ ਪ੍ਰੇਰਕ): ਪੰਜਾਬ ਦੇ ਸਮੂਹ ਪ੍ਰਾਈਵੇਟ ਸਕੂਲ , ਕਾਲਜ ਤੇ ਯੂਨੀਵਰਸਿਟੀਆਂ ਵਿੱਚ ਚੱਲਦੀਆਂ ਵੈਨਾਂ ਅਤੇ ਬੱਸਾਂ ਦੇ ਚਾਲਕਾਂ ਤੇ ਮਾਲਕਾਂ ਵੱਲੋਂ ਅੱਜ ਮੁੱਖ ਸੜਕਾਂ ਕਿਨਾਰੇ ਸਕੂਲ ਵਾਹਨਾਂ ਦਾ ਚੱਕਾ ਰੋਕ ਕੇ ਸਰਕਾਰ ਖ਼ਿਲਾਫ ਪ੍ਰਦਰਸ਼ਨ ਕੀਤਾ ਗਿਆ। ਸਕੂਲ ਯੂਨੀਅਨ ਰਾਸਾ ਦੇ ਸੂਬਾ ਆਗੂ ਹਰਦੀਪ ਸਿੰਘ ਜਟਾਣਾ ਨੇ ਦੱਸਿਆ ਕਿ ਇਹ ਵਿਰੋਧ ਪ੍ਰਦਰਸ਼ਨ ਦੁਪਹਿਰ ਚਾਰ ਵਜੇ ਤੱਕ ਜਾਰੀ ਰਿਹਾ।
ਸਕੂਲਾਂ ਦੀਆਂ ਬੱਸਾਂ ਸੜਕਾਂ ਉੱਤੇ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਨਿਹਾਲ ਸਿੰਘ ਵਾਲਾ ,ਬੱਧਨੀ ਕਲਾਂ ,ਬਿਲਾਸਪੁਰ ਆਦਿ ਮੁੱਖ ਮਾਰਗਾਂ ’ਤੇ ਨਿੱਜੀ ਸਕੂਲਾਂ ਦੀਆਂ ਬੱਸਾਂ ਦੇ ਮਾਲਕਾਂ ਤੇ ਅਪਰੇਟਰਾਂ ਵੱਲੋਂ ਮੰਗਾਂ ਵਾਲੇ ਬੈਨਰ ਲੱਗੀਆਂ ਬੱਸਾਂ ਦੀਆਂ ਲੰਬੀਆਂ ਕਤਾਰਾਂ ਲਗਾ ਕੇ ਮੰਗਾਂ ਦੀ ਪੂਰਤੀ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ । ਸਕੂਲ ਬੱਸ ਯੂਨੀਅਨ ਦੇ ਆਗੂ ਕੰਵਲਜੀਤ ਸਿੰਘ ਭਾਗੀਕੇ, ਜਗਸੀਰ ਸਿੰਘ ਨੇ ਮੰਗ ਕੀਤੀ ਕਿ ਸੜਕਾਂ ’ਤੇ ਘੱਟ ਚੱਲਣ ਕਰਕੇ ਬੱਸਾਂ ਦੀ ਚੱਲਣ ਦੀ ਮਿਆਦ ਤੀਹ ਸਾਲ ਕੀਤੀ ਜਾਵੇ ਅਤੇ ਬੱਸਾਂ ਦੇ ਡਰਾਈਵਰਾਂ, ਮੁਲਾਜ਼ਮਾਂ ਦਾ ਬੀਮਾ ਕੀਤਾ ਜਾਵੇ।
ਪ੍ਰਦਰਸ਼ਨਕਾਰੀਆਂ ਕੋਲ ਪਹੁੰਚੇ ਵਿਧਾਇਕ ਭੂੰਦੜ
ਸਰਦੂਲਗੜ੍ਹ (ਪੱਤਰ ਪ੍ਰੇਰਕ): ਪੰਜਾਬ ਦੇ ਸਮੂਹ ਪ੍ਰਾਈਵੇਟ ਸਕੂਲ , ਕਾਲਜ ਤੇ ਯੁਨੀਵਰਸਿਟੀਆਂ ’ਚ ਚੱਲਦੀਆਂ ਵੈਨਾਂ ਅਤੇ ਬੱਸਾਂ ਦੇ ਚਾਲਕਾਂ ਤੇ ਮਾਲਕਾਂ ਵੱਲੋਂ ਅੱਜ ਮੁੱਖ ਸੜਕਾਂ ਕਿਨਾਰੇ ਸਕੂਲ ਵਾਹਨਾਂ ਦਾ ਚੱਕਾ ਰੋਕ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਸਰਦੂਲਗੜ੍ਹ ਵਿੱਚ ਪ੍ਰਦਰਸ਼ਨਕਾਰੀਆਂ ਕੋਲ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਵਿਸ਼ੇਸ ਤੌਰ ’ਤੇ ਪਹੁੰਚ ਕੇ ਵਾਅਦਾ ਕੀਤਾ ਕਿ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਉਨਾਂ ਦੀਆਂ ਸਾਰੀਆਂ ਮੰਗਾਂ ਪਹਿਲ ਦੇ ਅਧਾਰ ’ਤੇ ਪੂਰੀਆਂ ਕੀਤੀਆਂ ਜਾਣਗੀਆਂ।