ਪਰਮਜੀਤ ਸਿੰਘ
ਫਾਜ਼ਿਲਕਾ, 11 ਮਾਰਚ
ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਤਿੰਨ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਸਬ ਡਿੱਪੂ ਫਾਜ਼ਿਲਕਾ ਦੇ ਕਰਮਚਾਰੀਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਿੱਪੂ ਪ੍ਰਧਾਨ ਮਨਪ੍ਰੀਤ ਸਿੰਘ, ਚੇਅਰਮੈਨ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਜਨਤਾ ਨੂੰ ਝੂਠਾਂ ਦੇ ਪੁਲੰਦੇ ਬੰਨ੍ਹ ਕੇ ਨਵੇਂ-ਨਵੇਂ ਸੁਪਨੇ ਵਿਖਾ ਰਹੀ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਰੋਡਵੇਜ਼ ਕੋਲ ਬੱਸਾਂ ਹੀ ਨਹੀਂ ਫੇਰ ਫਰੀ ਸਫਰ ਸਹੂਲਤਾਂ ਕਿੱਥੇ ਦੇਣੀਆਂ ਹਨ। ਸਾਰੇ ਵਿਭਾਗ ਠੇਕੇ ’ਤੇ ਜਾਂ ਫਿਰ ਮੁਲਾਜ਼ਮ ਠੇਕੇ ’ਤੇ ਰੱਖ ਕੇ ਖਤਮ ਕਰਨ ਵਾਲੇ ਪਾਸੇ ਤੁਰੀ ਸਰਕਾਰ ਪਨਬੱਸ ਦੇ ਕੱਚੇ ਕਾਮੇ ਪਿਛਲੇ ਲੰਮੇ ਸਮੇਂ ਤੋਂ ਘੱਟ ਤਨਖਾਹ ’ਤੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਪੱਕੇ ਕਰਨ ਦੀ ਥਾਂ ਪਨਬੱਸਾ ਨੂੰ ਤਾਂ ਰੋਡਵੇਜ਼ ’ਚ ਮਰਜ ਕਰ ਲੈਂਦੀ ਹੈ ਪਰ ਇਨ੍ਹਾਂ ਨੂੰ ਠੇਕੇਦਾਰ ਕੋਲ ਰਹਿਣ ਦਿੱਤਾ ਜਾਂਦਾ ਹੈ ਤੇ ਕੰਟਰੈਕਟ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ’ਚ ਕੋਈ ਕਾਨੂੰਨੀ ਅੜਚਨ ਨਾ ਹੋਣ ਦੇ ਬਾਵਜੂਦ ਪੱਕਾ ਨਹੀਂ ਕਰ ਰਹੀ।
ਇਸ ਮੌਕੇ ਕੈਸ਼ੀਅਰ ਉਡੀਕ ਚੰਦ, ਸਕੱਤਰ ਗੁਰਬਖਸ ਲਾਲ ਨੇ ਕਿਹਾ ਕਿ ਪਨਬੱਸ ਦੇ ਮੁਲਾਜ਼ਮਾਂ ਜੋ ਘੱਟ ਤਨਖਾਹ ’ਤੇ ਕੰਮ ਕਰਦੇ ਹਨ ਨੂੰ ਨਾਜਾਇਜ਼ ਕੰਡੀਸ਼ਨਾਂ ਲਗਾ ਕੇ ਕੱਢਿਆ ਜਾ ਰਿਹਾ ਹੈ ਤੇ ਰਿਪੋਰਟ ਕਰਨ ਉਪਰੰਤ ਬਿਨਾਂ ਸੁਣਵਾਈ ਬਾਹਰ ਦਾ ਰਸਤਾ ਦਿਖਾ ਕੇ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ।
ਮੁੱਖ ਸਲਾਹਕਾਰ ਗੁਰਵਿੰਦਰ ਸਿੰਘ ਤੇ ਰਵਿੰਦਰ ਸਿੰਘ ਨੇ ਕਿਹਾ ਕਿ ਅਫਸਰਾਂ ਦੀ ਧੱਕੇਸ਼ਾਹੀ ਤੇ ਕੈਪਟਨ ਸਰਕਾਰ ਦੇ 4 ਸਾਲ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਾਰਿਆਂ ਤੋਂ ਅੱਕੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਸੰਘਰਸ਼ ਨੂੰ ਤਿੱਖਾ ਕਰਨ ਦਾ ਮਨ ਬਣਾਇਆ ਹੈ। ਜਿਸ ਤਹਿਤ 11 ਮਾਰਚ ਤੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ 12 ਮਾਰਚ ਨੂੰ ਪਟਿਆਲੇ ’ਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ ਸਾਰੇ ਪਨਬੱਸ ਦੇ ਕੱਚੇ ਕਾਮਿਆਂ ਵੱਲੋਂ ਰੋਸ ਪ੍ਰਦਰਸਨ ’ਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।