ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 6 ਜੂਨ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹ ਕੇ ਕੇਂਦਰ ਵੱਲੋਂ ਆਪਣੇ ਅਧੀਨ ਕਰਨ ਦੇ ਖ਼ਿਲਾਫ਼ ਪੰਜਾਬ ਦੀਆਂ 9 ਜਥੇਬੰਦੀਆਂ ਵੱਲੋਂ 9 ਜੂਨ ਨੂੰ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੀ ਤਿਆਰੀ ਵਜੋਂ ਅੱਜ ਸਥਾਨਕ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਚੇਤਨਾ ਰੈਲੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਕੇਸ਼ਵ ਆਜ਼ਾਦ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਅਧੀਨ ਕਰਨ ਪਿੱਛੇ ਮੋਦੀ ਦੀ ਫਾਸ਼ੀਵਾਦੀ ਹਕੂਮਤ ਦੀ ਕੇਂਦਰੀਕਰਨ ਦੀ ਨੀਤੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਈ ਧਰਮਾਂ, ਜਾਤਾਂ, ਭਾਸ਼ਾਂਵਾਂ ਦੇ ਲੋਕ ਰਹਿੰਦੇ ਹਨ, ਪਰ ਮੋਦੀ ਦੀ ਫਾਸ਼ੀਵਾਦੀ ਸਰਕਾਰ ਇਸ ਮੁਲਕ ਨੂੰ ਇੱਕੋ ਰੰਗ ਵਿੱਚ ਰੰਗਣਾ ਚਾਹੁੰਦੀ ਹੈ। ਜ਼ਿਲ੍ਹਾ ਆਗੂ ਸੁਖਪ੍ਰੀਤ ਮੌੜ ਅਤੇ ਹਰਵੀਰ ਗੰਧੜ ਨੇ ਕਿਹਾ ਕਿ ਇਸ ਨੀਤੀ ’ਤੇ ਚਲਦਿਆਂ ਪਹਿਲਾਂ ਮੋਦੀ ਸਰਕਾਰ ਨੇ ਲੋਕ ਵਿਰੋਧੀ ਖੇਤੀ ਕਾਨੂੰਨ ਲਿਆਂਦੇ, ਫਿਰ ਪੰਜਾਬ ਦੇ ਪਾਣੀਆ ਨੂੰ ਖੋਹਣ ਲਈ ਡੈਮ ਸੇਫਟੀ ਐਕਟ ਲਿਆਂਦਾ ਅਤੇ ਹੁਣ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਖੋਹਿਆ ਜਾ ਰਿਹਾ ਹੈ। ਸੂਬਾ ਆਗੂ ਕੇਸ਼ਵ ਅਜ਼ਾਦ ਨੇ 9 ਜੂਨ ਨੂੰ 9 ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਰਮਨ, ਰਾਜਵੀਰ, ਲੱਖਾ ਸਿੰਘ, ਜਸਨੀਤ ਸਿੰਘ, ਜੋਬਨ, ਜਸਕਰਨ ਸਿੰਘ, ਜਸਪ੍ਰੀਤ ਕੌਰ ਹਾਜ਼ਰ ਸਨ।