ਸ਼ਗਨ ਕਟਾਰੀਆ
ਜੈਤੋ, 10 ਮਈ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਮਗਰਨੇਗਾ ਕਾਮਿਆਂ ਵੱਲੋਂ ਅੱਜ ਇਥੇ ਬੀਡੀਪੀਓ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਮਜ਼ਦੂਰ ਆਗੂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਨੰਗਲ, ਬਲਾਕ ਜੈਤੋ ਦੇ ਪ੍ਰਧਾਨ ਅੰਗਰੇਜ਼ ਸਿੰਘ (ਗੋਰਾ ਮੱਤਾ), ਕਰਮਜੀਤ ਸੇਵੇਵਾਲਾ, ਨੌਜਵਾਨ ਭਾਰਤ ਸਭਾ (ਲਲਕਾਰ) ਦੇ ਆਗੂ ਗੁਰਪ੍ਰੀਤ ਰੋੜੀਕਪੂਰਾ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਵਿੰਦਰ ਸੇਵੇਵਾਲਾ ਤੇ ਸੁਖਪਾਲ ਸਿੰਘ ਰੋਮਾਣਾ ਅਜੀਤ ਸਿੰਘ ਨੇ ਇਸ ਮੌਕੇ ਮਗਨਰੇਗਾ ਸਕੀਮ ’ਚ ਕਾਮਿਆਂ ਨੂੰ ਜਾਬ ਕਾਰਡ ਦੇਣ ਸਮੇਂ ਸਿਆਸੀ ਦਖ਼ਲਅੰਦਾਜ਼ੀ ਹੋਣ ਦੇ ਦੋਸ਼ ਲਾਉਂਦਿਆਂ ਇਹ ਕਾਰਵਾਈ ਬੰਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਯੋਜਨਾ ਲਈ ਨਿਰਧਾਰਿਤ ਸਮੇਂ ਲਈ ਰੁਜ਼ਗਾਰ ਦਿੱਤਾ ਜਾਵੇ ਅਤੇ ਮੇਟ ਕਾਮਿਆਂ ਦੀ ਸਲਾਹ ਨਾਲ ਨਿਯੁਕਤ ਕੀਤੇ ਜਾਣ।
ਸਹਾਇਕ ਪੰਚਾਇਤ ਅਫ਼ਸਰ ਨੇ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਭਰੋਸੇ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।
ਵਰਕਰਾਂ ਨੇ ਨਰੇਗਾ ਮੇਟ ਖ਼ਿਲਾਫ਼ ਮੋਰਚਾ ਖੋਲ੍ਹਿਆ
ਸੰਗਤ ਮੰਡੀ (ਪੱਤਰ ਪ੍ਰੇਰਕ): ਬਲਾਕ ਸੰਗਤ ਦੇ ਪਿੰਡ ਕੋਟ ਗੁਰੂ ਵਿੱਚ ਨਰੇਗਾ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਪਿੰਡ ਦੇ ਨਰੇਗਾ ਮੇਟ ਜਸਪਾਲ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਕੱਤਰ ਹੋਏ ਨਰੇਗਾ ਕਾਮਿਆਂ ਨੇ ਨਰੇਗਾ ਮੇਟ ਜਸਪਾਲ ਸਿੰਘ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਆਪਣੇ ਤੇ ਸਰਪੰਚ ਦੇ ਨਿੱਜੀ ਕੰਮ ਕਰਵਾਉਣ ਲਈ ਮਜਬੂਰ ਕਰਦਾ ਹੈ ਤੇ ਕਾਫੀ ਕਾਮਿਆਂ ਤੋਂ ਆਪਣੇ ਨਿੱਜੀ ਕੰਮ ਕਰਵਾ ਵੀ ਚੁੱਕਾ ਹੈ। ਇਸ ਤੋਂ ਇਲਾਵਾ ਨਰੇਗਾ ਹਾਜ਼ਰੀਆਂ ’ਚ ਘਪਲਾ ਹੋਣ ਕਰਕੇ ਨਰੇਗਾ ਵਰਕਰਾਂ ਨੇ ਹੁਣ ਤੱਕ ਹੋਏ ਨਰੇਗਾ ਦੇ ਸਾਰੇ ਕੰਮਾਂ ਦਾ ਸੋਸ਼ਲ ਆਡਿਟ ਕਰਵਾਉਣ ਦੀ ਵੀ ਮੰਗ ਕੀਤੀ।