ਖੇਤਰੀ ਪ੍ਰਤੀਨਿਧ
ਬਰਨਾਲਾ, 26 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਰਾਜ, ਜਨਰਲ ਸਕੱਤਰ ਕੁਲਵੰਤ ਸਿੰਘ ਠੀਕਰੀਵਾਲਾ, ਮੀਤ ਪ੍ਰਧਾਨ ਮੋਹਨ ਸਿੰਘ ਰੂੜੇਕੇ, ਬਲਾਕ ਮੀਤ ਪ੍ਰਧਾਨ ਰਾਣਾ ਧਾਲੀਵਾਲ, ਗੁਰਦੀਪ ਸਿੰਘ ਦਿਉਲ, ਜਗਰਾਜ ਸਿੰਘ ਟੱਲੇਵਾਲ, ਦਲਜੀਤ ਪੱਤੀ, ਬੰਤ ਗਰੇਵਾਲ ਅਤੇ ਜੈ ਕਿਸਾਨ ਅੰਦੋਲਨ ਦੇ ਕੁਲਦੀਪ ਸਿੰਘ ਨੇ ਕਿਹਾ ਕਿ ਰਹਿੰਦੀਆਂ ਕਿਸਾਨ ਮੰਗਾਂ ਖਾਤਰ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਐੱਮਐੱਸਪੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦਿੱਤੀ ਜਾਵੇ, ਫ਼ਸਲਾਂ ਦਾ ਬੀਮਾ ਸਰਕਾਰੀ ਕੰਪਨੀਆਂ ਵੱਲੋਂ ਸਰਕਾਰੀ ਖਰਚੇ ’ਤੇ ਕੀਤਾ ਜਾਵੇ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ, ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਤੇ ਅਜੇ ਮਿਸ਼ਰਾ ਨੂੰ ਕੇਦਰੀ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ।