ਪੱਤਰ ਪੇ੍ਰਕ
ਬਠਿੰਡਾ, 28 ਦਸੰਬਰ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ, ਬਠਿੰਡਾ ਅਤੇ ਇਸ ਦੇ ਕੰਸਟੀਚੁਐਂਟ ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ ਕਾਲਜਾਂ ਅੰਦਰ ਕੰਮ ਕਰਦੇ ਕੱਚੇ ਸਹਾਇਕ ਪ੍ਰੋਫੈਸਰਾਂ ਅਤੇ ਡੀ.ਪੀ.ਈ ਦਾ ਸੰਘਰਸ਼ ਜਾਰੀ ਹੈ। ਮੰਗਲਵਾਰ ਨੂੰ ਪੀ.ਆਈ.ਟੀ. ਰਾਜਪੁਰਾ ਦੇ ਕੱਚੇ ਅਧਿਆਪਕ ਵੀ ਬਾਦਲ ਰੋਡ ਬਠਿੰਡਾ ਸਥਿਤ ਹੜਤਾਲ਼ ਵਿਚ ਸ਼ਾਮਲ ਹੋਏ ਅਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗਗਨਦੀਪ ਸੋਢੀ, ਮਨਦੀਪ ਕੌਰ ਅਤੇ ਸੁਨੀਤਾ ਕੋਤਵਾਲ ਨੇ ਪੰਜਾਬ ਸਰਕਾਰ ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਘੱਟ ਤਨਖਾਹ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ । ਉਨ੍ਹਾਂ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ,ਕੱਚੇ ਅਧਿਆਪਕ/ਸਹਾਇਕ ਪ੍ਰੋਫੈਸਰ ਤੇ ਡੀ.ਪੀ.ਈ. ਦੀ ਤਨਖਾਹ ਵਧਾ ਕੇ ਪੱਕੇ ਅਧਿਆਪਕਾਂ ਦੇ ਬਰਾਬਰ ਦਿੱਤੀ ਜਾਵੇ। ਯੂਨੀਵਰਸਿਟੀ ਦੇ ਸਹਾਇਕ ਕੱਚੇ ਪ੍ਰੋਫ਼ੈਸਰਾਂ ਅਤੇ ਕਾਂਸਟੀਚਿਊਟ ਕਾਲਜਾਂ ਦੇ ਪ੍ਰੋਫੈਸਰਾਂ ਨੇ ਮੰਗ ਕੀਤੀ ਕਿ ਮਸਲੇ ਨੂੰ ਜਲਦੀ ਹੱਲ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।