ਪੱਤਰ ਪ੍ਰੇਰਕ
ਮਾਨਸਾ, 1 ਅਗਸਤ
ਖੇਤੀਬਾੜੀ ਸਬ-ਇੰਸਪੈਕਟਰ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਖੇਤੀਬਾੜੀ ਮੁੱਖ ਅਫ਼ਸਰ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਕਿਹਾ ਕਿ ਮਹਿਕਮੇ ਵਿੱਚ ਸਬ-ਇੰਸਪੈਕਟਰ ਤੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਖਾਲੀ ਅਸਾਮੀਆਂ ਜਲਦ ਭਰੀਆਂ ਜਾਣ ਤਾਂ ਜੋ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਅਤੇ ਖੇਤੀ ਦੇ ਕੰਮਾਂ ਨੂੰ ਹੋਰ ਵੀ ਸੁਖਾਲਾ ਕੀਤਾ ਜਾ ਸਕੇ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਗੁਰਬਖਸ਼ ਸਿੰਘ ਨੇ ਕਿਹਾ ਕਿ ਸਬ-ਇੰਸਪੈਕਟਰ ਸਰਕਾਰ ਵੱਲੋਂ ਵੱਖ-ਵੱਖ ਸਮਿਆਂ ਤੋਂ ਚਲਾਈਆਂ ਸਕੀਮਾਂ ਨੂੰ ਕਿਸਾਨ ਤੱਕ ਪਹੁੰਚਾਉਣ ਲਈ ਮਹਿਕਮੇ ਦੀ ਰੀੜ੍ਹ ਦੀ ਹੱਡੀ ਬਣ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਲੰਮੇ ਸਮੇ ਤੋਂ ਲਟਕਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।