ਪੱਤਰ ਪ੍ਰੇਰਕ
ਭੁੱਚੋ ਮੰਡੀ, 19 ਮਾਰਚ
ਪਿੰਡ ਲਹਿਰਾ ਬੇਗਾ ਦੇ ਵਾਸੀਆਂ ਨੇ ਖੇਤਾਂ ਨੂੰ ਜਾਂਦਾ ਰਾਸਤਾ ਬੰਦ ਕੀਤੇ ਜਾਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਜਗਰਾਜ ਸਿੰਘ, ਭਰਪੂਰ ਸਿੰਘ, ਦਰਸ਼ਨ ਸਿੰਘ, ਮਲਕੀਤ ਸਿੰਘ, ਰਾਜੂ, ਗੁਰਬਖ਼ਸ ਸਿੰਘ, ਮੰਦਰ ਸਿੰਘ, ਜੱਗਾ ਸਿੰਘ, ਭੋਲਾ ਸਿੰਘ, ਕਾਲਾ ਸਿੰਘ ਅਤੇ ਕਲੱਬ ਵਾਲੰਟੀਅਰਾਂ ਨੇ ਕਿਹਾ ਕਿ ਲਹਿਰਾ ਬੇਗਾ ਵਿੱਚ ਨਵੀਂ ਬਣ ਰਹੀ ਅਨਾਜ ਮੰਡੀ ਦੀ ਚਾਰ ਦਵਾਰੀ ਬਣਾਉਣ ਸਮੇਂ ਅਧਿਕਾਰੀਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਤੋਂ ਖੇਤਾਂ ਨੂੰ ਜਾਂਦਾ ਪੰਜ ਕਰਮਾਂ ਦਾ ਰਾਹ ਬੰਦ ਕਰ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਨੂੰ ਦੂਰ ਦੇ ਰਾਸਤਿਆਂ ਤੋਂ ਜਾਣਾ ਪੈਂਦਾ ਹੈ। ਇਸ ਨਾਲ ਕਿਸਾਨਾਂ ਨੂੰ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਰਾਸਤੇ ਨੂੰ ਮੁੜ ਚਾਲੂ ਕੀਤਾ ਜਾਵੇ।