ਪੱਤਰ ਪ੍ਰੇਰਕ
ਜੈਤੋ, 28 ਜੂਨ
ਪਿਛਲੇ ਦਿਨੀਂ ਸਬ ਡਵੀਜ਼ਨ ਜੈਤੋ ਦੇ ਪਿੰਡ ਸੇਢਾ ਸਿੰਘ ਵਾਲਾ ’ਚ ਜਬਰੀ ਸਰਕਾਰੀ ਜ਼ਮੀਨਾਂ ਖਾਲੀ ਕਰਾਉਣ ਦੇ ਵਿਰੋਧ ’ਚ ਅੱਜ ਇਥੇ ਐੱਸਡੀਐੱਮ ਦਫ਼ਤਰ ਬਾਹਰ ਦਿਹਾਤੀ ਮਜ਼ਦੂਰ ਸਭਾ, ਜਨਵਾਦੀ ਇਸਤਰੀ ਸਭਾ ਤੇ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਧਰਨਾ ਦਿੱਤਾ ਗਿਆ। ਇਸ ਦੌਰਾਨ ਸੰਗਠਨਾਂ ਦਾ ਵਫ਼ਦ ਐੱਸਡੀਐੱਮ ਜੈਤੋ ਡਾ. ਨਿਰਮਲ ਓਸੇਪਚਨ ਨੂੰ ਮਿਲਿਆ ਤੇ ਬਾਅਦ ’ਚ ਵਿਖਾਵਾਕਾਰੀਆਂ ਨੇ ਸ਼ਹਿਰ ’ਚ ਮੁਜ਼ਾਹਰਾ ਕਰਦਿਆਂ, ਬੱਸ ਅੱਡਾ ਚੌਕ ’ਚ ਪਹੁੰਚ ਕੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਤੇਜ ਸਿੰਘ, ਦਰਸ਼ਨਾ ਜੋਸ਼ੀ, ਅੰਗਰੇਜ਼ ਸਿੰਘ (ਗੋਰਾ ਮੱਤਾ), ਵੀਰਪਾਲ ਕੌਰ ਬਿਸ਼ਨੰਦੀ, ਕੌਰ ਸਿੰਘ ਰੋਮਾਣਾ, ਕੁਲਵਿੰਦਰ ਚੈਨਾ ਆਦਿ ਆਗੂਆਂ ਨੇ ਦੋਸ਼ ਲਾਇਆ ਕਿ ਜੈਤੋ ਦੇ ਵਿਧਾਇਕ ਦੀ ਮੌਜੂਦਗੀ ’ਚ ਕਬਜ਼ੇ ਛੁਡਵਾਏ ਗਏ ਤੇ ਮਜ਼ਦੂਰਾਂ ਵੱਲੋਂ ਜ਼ਮੀਨ ’ਚ ਕਾਸ਼ਤ ਕੀਤਾ ਨਰਮਾ ਟਰੈਕਟਰ ਨਾਲ ਵਾਹ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਛੇ ਦਹਾਕੇ ਪਹਿਲਾਂ ਮਜ਼ਦੂਰਾਂ ਨੇ ਇਸ ਜ਼ਮੀਨ ਨੂੰ ਆਬਾਦ ਕੀਤਾ ਸੀ, ਇਸ ਲਈ ਹੁਣ ਉਨ੍ਹਾਂ ਦਾ ਜ਼ਮੀਨ ’ਤੇ ਮਾਲਕੀ ਦਾ ਹੱਕ ਬਣਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧ ’ਚ ਦਰਜ ਪੁਲੀਸ ਕੇਸ ਬਿਨਾਂ ਸ਼ਰਤ ਰੱਦ ਹੋਣ ਅਤੇ ਗਿ੍ਰਫ਼ਤਾਰ ਵਿਅਕਤੀਆਂ ਨੂੰ ਬਗ਼ੈਰ ਸ਼ਰਤ ਰਿਹਾਅ ਕੀਤਾ ਜਾਵੇ। ਵਾਹੀ ਗਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ। ਪ੍ਰਦਰਸ਼ਨ ’ਚ ਸੱਤਪਾਲ ਸਿੰਘ, ਕੁਲਦੀਪ ਸਿੰਘ, ਮਿੱਠੀ ਸਿੰਘ, ਮੱਖਣ ਸਿੰਘ, ਬੂਟਾ ਸਿੰਘ, ਗੁਰਜੰਟ ਸਿੰਘ, ਸੁਖਦੇਵ ਸਿੰਘ ਆਦਿ ਆਗੂ ਵੀ ਮੌਜੂਦ ਸਨ।