ਖੇਤਰੀ ਪ੍ਰਤੀਨਿਧ
ਬਰਨਾਲਾ, 1 ਸਤੰਬਰ
ਇਥੇ ਦਲਿਤ ਵਿਦਿਆਰਥੀਆਂ ਦੀ ਫੀਸ ਮੁਆਫ਼ੀ ਦੇ ਮੁੱਦੇ ਸਬੰਧੀ ਵੱਖ-ਵੱਖ ਜਥੇਬੰਦੀਆਂ ਵੱਲੋਂ ਡੀ.ਸੀ. ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਟੂਡੈਂਟਸ ਏਕਤਾ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਕੈਰੇ, ਇਨਸਾਫ਼ ਦੀ ਆਵਾਜ਼ ਪਾਰਟੀ ਪੰਜਾਬ ਦੇ ਮਹਿੰਦਰ ਸਿੰਘ, ਸਟੂਡੈਂਟ ਯੂਨੀਅਨ ਲਲਕਾਰ ਦੇ ਮਨਵੀਰ ਸਿੰਘ ਬੀਹਲਾ ਤੇ ਕੁਲਵਿੰਦਰ ਪੱਤੀ, ਸਫ਼ਾਈ ਸੇਵਕ ਯੂਨੀਅਨ ਦੇ ਗੁਲਸ਼ਨ ਕੁਮਾਰ, ਭਾਰਤੀ ਬਾਲਮੀਕਿ ਸਮਾਜ ਦੇ ਵਿਕਰਮਜੀਤ ਵਿੱਕੀ, ਦਲਿਤ ਚੇਤਨਾ ਮੰਚ ਦੇ ਰਮੇਸ਼ ਕੁਮਾਰ ਹਮਦਰਦ ਅਤੇ ਬਹੁਜਨ ਮੁਕਤੀ ਪਾਰਟੀ ਦੇ ਪਰਗਟ ਸਿੰਘ ਕੈਰੇ ਆਦਿ ਨੇ ਕਿਹਾ ਕਿ ਇੱਕ ਪਾਸੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ਿਆਂ ਦੀ ਰਾਸ਼ੀ ਹੜੱਪਣ ਦੇ ਕਥਿਤ ਤੌਰ ’ਤੇ ਕਾਂਗਰਸੀ ਮੰਤਰੀ ਦੀ ਸ਼ਮੂਲੀਅਤ ਸਬੰਧੀ ਸੂਬਾ ਸਰਕਾਰ ਸਾਜਿਸ਼ੀ ਚੁੱਪ ਧਾਰੀ ਬੈਠੀ ਹੈ, ਦੂਸਰੇ ਪਾਸੇ ਸਥਾਨਕ ਕਾਲਜ ਦੇ ਦਲਿਤ ਵਿਦਿਆਰਥੀਆਂ ਨਾਲ ਕਥਿਤ ਤੌਰ ’ਤੇ ਜਬਰੀ ਫੀਸਾਂ ਭਰਾ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 13 ਅਗਸਤ ਨੂੰ ਸਬੰਧਤ ਵਿਦਿਆਰਥੀਆਂ ਵੱਲੋਂ ਡੀਸੀ. ਬਰਨਾਲਾ ਨੂੰ ਮਾਮਲੇ ਸਬੰਧੀ ਮੰਗ ਪੱਤਰ ਸੌਂਪੇ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਗੁਰਤੇਜ ਰੁਪਾਣਾ, ਹਰਪ੍ਰੀਤ ਸਿੰਘ ਮਣੀ, ਸੁਖਪਾਲ ਸਿੰਘ ਕਾਲਾ, ਸਤਵਿੰਦਰ ਸਿੰਘ ਬਿੱਟਾ ਆਦਿ ਆਗੂ ਵੀ ਹਾਜ਼ਰ ਸਨ।
ਨਹਿਰੂ ਕਾਲਜ ਦੇ ਵਿਦਿਆਰਥੀ ਧਰਨੇ ’ਤੇ ਡਟੇ
ਮਾਨਸਾ (ਪੱਤਰ ਪ੍ਰੇਰਕ: ਇਥੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਵਿਦਿਆਰਥੀਆਂ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਕਾਲਜ ਪ੍ਰਬੰਧਕਾਂ ਖ਼ਿਲਾਫ਼ ਦਿੱਤਾ ਜਾ ਰਿਹਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਜਥੇਬੰਦੀ ਦਾ ਕਹਿਣਾ ਹੈ ਕਿ ਇਹ ਧਰਨਾ ਐੱਸਸੀ ਵਿਦਿਆਰਥੀਆਂ ਤੋਂ ਬੇਅਸੂਲੇ ਵਸੂਲੇ ਜਾ ਰਹੇ ਪੀਟੀਏ ਫੰਡ ਦੇ ਖ਼ਿਲਾਫ਼ ਦਿੱਤਾ ਜਾ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਦੀ ਅਰਜੋਈ ਸੁਣਨ ਵਾਲਾ ਜਦੋਂ ਕੋਈ ਨਾ ਸਾਹਮਣੇ ਆਇਆ ਤਾਂ ਉਨ੍ਹਾਂ ਨੂੰ ਆਪਣੇ ਹੱਕ ਹਾਸਲ ਕਰਨ ਲਈ ਦਿਨ-ਰਾਤ ਦਾ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕਿਹਾ ਕਿ ਸਥਿਤੀ ਦਾ ਦੁਖਾਂਤ ਇਥੋਂ ਤੱਕ ਚਲਾ ਗਿਆ ਹੈ ਕਿ ਲਗਾਤਾਰ ਦੋ ਦਿਨਾਂ ਤੋਂ ਦਿਨ-ਰਾਤ ਦੇ ਦਿੱਤੇ ਜਾ ਰਹੇ ਧਰਨੇ ਦੇ ਬਾਵਜੂਦ ਜ਼ਿਲ੍ਹਾ ਹੈਡਕੁਆਟਰ ਦਾ ਕੋਈ ਸਰਕਾਰੀ ਅਧਿਕਾਰੀ ਨਹੀਂ ਬਹੁੜਿਆ। ਉਨ੍ਹਾਂ ਕਿਹਾ ਕਿ ਉਹ ਇਹ ਫੰਡ ਮੁਆਫ਼ ਕਰਵਾਏ ਬਿਨਾਂ ਨਹੀਂ ਝਿਪਣਗੇ।