ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਅਗਸਤ
ਇੱਥੇ ਫਾਸ਼ੀਵਾਦੀ ਹਮਲੇ ਵਿਰੋਧੀ ਫਰੰਟ ਵੱਲੋਂ ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਤੇ ਫ਼ਾਸੀਵਾਦੀ ਕਾਨੂੰਨਾਂ ਖ਼ਿਲਾਫ਼ ਮੁਜਾਹਰਾ ਕਰਨ ਮਗਰੋਂ ਸ਼ਹਿਰ ’ਚ ਰੋਸ ਮਾਰਚ ਕੱਢਿਆ।
ਇਸ ਮੌਕੇ ਬੁਲਾਰਿਆਂ ਨੇ ਸੰਵਿਧਾਨਕ ਹਿੰਦੂ ਰਾਸ਼ਟਰਵਾਦੀ ਫ਼ਿਰਕੂ ਨੀਤੀਆਂ ਤੇ ਫ਼ਾਸੀਵਾਦੀ ਕਾਨੂੰਨਾਂ ਐੱਨਆਰਸੀ, ਐੱਨਪੀਆਰ ਤੇ ਸੀਏਏ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਰੰਭੀਆਂ ਪੰਜਾਬ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ। ਇਸ ਮੌਕੇ ਸੀਪੀਆਈ ਕੌਮੀ ਆਗੂ ਕਾ. ਜਗਰੂਪ ਨੇ ਕਿਹਾ ਕਿ ‘ਅੱਛੇ ਦਿਨ’ ਲਿਆਉਣ ਦੇ ਸੁਪਨੇ ਵਿਖਾ ਕੇ ਸੱਤਾ ਵਿੱਚ ਆਈ ਭਾਜਪਾ ਦੀਆਂ ਘੋਰ ਲੋਕ ਵਿਰੋਧੀ ਅਤੇ ਵਿਦੇਸ਼ੀ ਸਰਮਾਏਦਾਰੀ ਪੱਖੀ ਨੀਤੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ’ਚ ਬੇਤਹਾਸ਼ਾ ਵਾਧਾ ਕੀਤਾ ਹੈ।
ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਕਮਲਜੀਤ ਖੰਨਾ, ਲੋਕ ਸੰਗਰਾਮ ਮੋਰਚਾ ਸੁਬਾਈ ਆਗੂ ਤਾਰਾ ਸਿੰਘ ਮੋਗਾ ਤੇ ਨਿਰਭੈ ਸਿੰਘ ਢੁੱਡੀਕੇ ਨੇ ਭਾਜਪਾ ਦੀ ਕੇਂਦਰੀ ਹਕੂਮਤ ਵੱਲੋਂ ਅਪਣਾਈਆਂ ਫਾਸ਼ੀ ਨੀਤੀਆਂ ਦੀ ਜ਼ੋਰਦਾਰ ਆਲੋਚਨਾ ਕੀਤੀ। ਇਸ ਮੌਕੇ ਸੀਪੀਆਈ ਐੱਮਐੱਲ ਨਿਊ ਡੈਮੋਕ੍ਰੇਸੀ ਆਗੂ ਅਜਮੇਰ ਸਿੰਘ, ਸੀਪੀਆਈ ਐੱਮਐੱਲ ਲਬਿਰੇਸ਼ਨ ਆਗੂ ਬਲਕਰਨ ਮੋਗਾ, ਆਰਐੱਮਪੀਆਈ ਦੇ ਗੁਰਨਾਮ ਸਿੰਘ, ਐੱਮਸੀਪੀਆਈਯੂ ਆਗੂ ਕਾ. ਮੰਗਤ ਰਾਮ ਲੌਂਗੋਵਾਲ ਮਾਸਟਰ ਦਰਸ਼ਨ ਤੂਰ, ਜਸਵੰਤ ਜੀਰਖ, ਗੁਰਨਾਮ ਭੀਖੀ, ਕਾ. ਹਰਮੇਲ ਸਿੰਘ ਤੇ ਜਸਮੀਤ ਜੱਸੇਆਣਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਾਲੇ ਆਰਡੀਨੈਂਸ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਹੱਥ ਖੜ੍ਹੇ ਕਰਕੇ ਮਤੇ ਪਾਸ ਕੀਤੇ। ਬੁਲਾਰਿਆਂ ਨੇ ਸੁਪਰੀਮ ਕੋਰਟ ਵੱਲੋਂ ਵਕੀਲ ਪ੍ਰਸ਼ਾਂਤ ਭੂਸ਼ਨ ਨੂੰ ਦੋਸ਼ੀ ਠਹਿਰਾਉਣ ਦੀ ਨਿਖੇਧੀ ਕੀਤੀ।
ਜਨਤਕ ਆਗੂਆਂ ਖ਼ਿਲਾਫ਼ ਕਾਰਵਾਈ
ਇੱਥੇ ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਤੇ ਫ਼ਾਸੀਵਾਦੀ ਕਾਨੂੰਨਾਂ ਖ਼ਿਲਾਫ਼ ਮੁਜ਼ਾਹਰੇ ’ਚ ਸ਼ਾਮਲ ਸੀਪੀਆਈ ਕੌਮੀ ਆਗੂ ਕਾ. ਜਗਰੂਪ ਤੋਂ ਇਲਾਵਾ ਜਨਤਕ ਆਗੂਆਂ ਕਿਰਤੀ ਕਿਸਾਨ ਯੂਨੀਅਨ ਸੁਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਲੋਕ ਸੰਗਰਾਮ ਮੰਚ ਆਗੂ ਤਾਰਾ ਸਿੰਘ ਸੰਧੂ, ਪੀਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਔਲਖ, ਮਜ਼ਦੂਰ ਆਗੂ ਮੰਗਾਂ ਸਿੰਘ ਵੈਰੋਕੇ ਆਦਿ ਖ਼ਿਲਾਫ਼ ਸਿਟੀ ਪੁਲੀਸ ਨੇ ਅਮਨ, ਕਾਨੂੰਨ ਤੇ ਸਾਂਤੀ ਭੰਗ ਦੋਸ਼ ਹੇਠ ਕਾਰਵਾਈ ਕੀਤੀ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਕੱਠਾਂ ਉੱਤੇ ਪਾਬੰਦੀ ਲਈ ਧਾਰਾ 144 ਲਗਾਈ ਹੋਈ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਆਰਪੀਸੀ ਦੀ ਧਾਰਾ 150/107/151 ਤਹਿਤ ਕਲੰਦਰਾ ਤਿਆਰ ਕਰ ਕੇ ਐੱਸਡੀਐੱਮ ਦੀ ਅਦਾਲਤ ’ਚ ਦਿੱਤਾ ਜਾਵੇਗਾ।