ਜਸਵੰਤ ਜੱਸ
ਫਰੀਦਕੋਟ, 30 ਮਈ
ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵਿੱਚ ਦਿਨੋਂ ਦਿਨ ਵਧ ਰਹੀ ਮਹਿੰਗਾਈ ਨੂੰ ਲੈ ਕੇ ਜਨਤਕ ਤੇ ਖੱਬੇ ਪੱਖੀ ਜੱਥੇਬੰਦੀਆਂ ਵੱਲੋਂ ਫ਼ਰੀਦਕੋਟ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਦੀਆਂ ਮਹਿੰਗਾਈ ਵਧਾਉਣ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਭਾਈ ਘਨੱਈਆ ਚੌਕ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਕਾਮਰੇਡ ਬਲਵੀਰ ਸਿੰਘ ਔਲਖ, ਅਪਾਰ ਸਿੰਘ ਸੰਧੂ, ਪ੍ਰਦੀਪ ਸਿੰਘ ਬਰਾੜ ਅਤੇ ਅਸ਼ੋਕ ਕੌਸ਼ਲ ਨੇ ਕਿਹਾ ਕਿ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ। ਜਿਸ ਦੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੇ ਮਹਿੰਗੇ ਹੋਣ ਨਾਲ ਹਰ ਚੀਜ਼ ਮਹਿੰਗੀ ਹੋ ਗਈ ਹੈ ਤੇ ਇਹ ਵਸਤਾਂ ਖਰੀਦਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਕਾਮਰੇਡ ਗੁਰਨਾਮ ਸਿੰਘ, ਗੋਰਾ ਸਿੰਘ ਪਿਪਲੀ, ਕਾਮਰੇਡ ਅਸ਼ਵਨੀ ਕੁਮਾਰ ਤੇ ਵੀਰ ਸਿੰਘ ਕੰਮੇਆਣਾ ਨੇ ਕਿਹਾ ਕਿ ਨਵੰਬਰ 2016 ਦੌਰਾਨ ਕੀਤੀ ਗਈ ਨੋਟਬੰਦੀ ਨੇ ਦੇਸ਼ ਦੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਤੇ ਰਹਿੰਦੀ ਕਸਰ ਕਮਾਈ ਵਾਲੇ ਸਰਕਾਰੀ ਜਨਤਕ ਖੇਤਰ ਦੇ ਅਦਾਰੇ ਕੌਡੀਆਂ ਦੇ ਭਾਅ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾਣ ਨੇ ਪੂਰੀ ਕਰ ਦਿੱਤੀ ਹੈ।
ਕਾਮਰੇਡ ਠਾਕਰ ਸਿੰਘ, ਗੁਰਚਰਨ ਸਿੰਘ ਮਾਨ, ਜਗਤਾਰ ਭਾਣਾ, ਮੁਖਤਿਆਰ ਸਿੰਘ ਭਾਣਾ ਤੇ ਕਾਮਰੇਡ ਸੁਖਦਰਸ਼ਨ ਰਾਮ ਔਲਖ਼ ਨੇ ਦੱਸਿਆ ਕਿ ਖੱਬੀਆਂ ਪਾਰਟੀਆਂ ਨੇ ਹਮੇਸ਼ਾ ਗਰੀਬ ਵਰਗ ਦੇ ਹੱਕਾਂ ਦੀ ਲੜਾਈ ਲੜੀ ਹੈ ਤੇ ਹੁਣ ਵੀ ਮੋਦੀ ਸਰਕਾਰ ਦੀਆਂ ਗਰੀਬ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਜੱਥੇਬੰਦੀਆਂ ਨੇ ਇੱਕ ਮਤੇ ਰਾਹੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪੰਜਾਬ ਵਿੱਚ ਦਿਨੋ ਦਿਨ ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਗਈ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਤੁਰੰਤ ਸਖ਼ਤ ਕਦਮ ਉਠਾਏ ਜਾਣ।
ਵਧਦੀ ਮਹਿੰਗਾਈ ਖ਼ਿਲਾਫ਼ ਕਮਿਊਨਿਸਟਾਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਫਾਜ਼ਿਲਕਾ (ਪਰਮਜੀਤ ਸਿੰਘ) ਕਮਿਊਨਿਸਟ ਪਾਰਟੀਆਂ ਵੱਲੋਂ ਵਧਦੀ ਮਹਿੰਗਾਈ ਨੂੰ ਲੈ ਕੇ 25 ਤੋਂ 30 ਮਈ ਤੱਕ ਦਿੱਤੇ ਗਏ ਦੇਸ਼ਿਵਆਪੀ ਸੱਦੇ ’ਤੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਅੱਗੇ ਸੀਪੀਆਈ (ਐੱਮ) ਅਤੇ ਸੀਪੀਆਈ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਤੇ ਪੰਜਾਬ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਖ਼ਿਲਾਫ਼ ਕਾਮਰੇਡ ਅਬਨਾਸ਼ ਚੰਦਰ ਜ਼ਿਲ੍ਹਾ ਸਕੱਤਰ ਸੀਪੀਐੱਮ, ਕਾਮਰੇਡ ਹੰਸ ਰਾਜ ਗੋਲਡਨ ਜ਼ਿਲ੍ਹਾ ਸਕੱਤਰ ਸੀਪੀਆਈ ਜ਼ਿਲ੍ਹਾ ਫਾਜ਼ਿਲਕਾ ਦੀ ਪ੍ਰਧਾਨਗੀ ’ਚ ਧਰਨਾ ਦਿੱਤਾ ਗਿਆ। ਮੰਚ ਸੰਚਾਲਨ ਕਾਮਰੇਡ ਦਰਸ਼ਨ ਲਾਧੂਕਾ ਨੇ ਕੀਤਾ। ਇਸ ਮੌਕੇ ਕਾਮਰੇਡ ਦੀਵਾਨ ਸਿੰਘ ਕਿਸਾਨ ਸਭਾ ਪੰਜਾਬ, ਟਰੇਡ ਯੂਨੀਅਨ ਫਰੰਟ ਦੇ ਆਗੂ ਹਰਭਜਨ ਸਿੰਘ ਖੁੰਗਰ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਵਣਜਾਰ ਸਿੰਘ, ਕੁਲਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੱਥਾ ਸਿੰਘ, ਮੋਹਨ ਲਾਲ ਪੈਂਚਾਂ ਵਾਲੀ, ਕਿਸਾਨ ਸਭਾ ਪੰਜਾਬ ਦੇ ਆਗੂ ਕਾਮਰੇਡ ਸੁਰਿੰਦਰ ਢੰਡੀਆਂ, ਪੰਜਾਬ ਖੇਤ ਸਭਾ ਦੇ ਆਗੂ ਕਾਮਰੇਡ ਰਿਸ਼ੀਪਾਲ, ਨਰਿੰਦਰ ਢਾਬਾਂ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਮੀਤ ਸਕੱਤਰ ਹਰਭਜਨ ਛੱਪੜੀਵਾਲਾ, ਪੰਜਾਬ ਇਸਤਰੀ ਸਭਾ ਦੇ ਆਗੂ ਸੁਮਿਤਰਾ ਦੇਵੀ, ਕਾਮਰੇਡ ਤੇਜ਼ਾ ਸਿੰਘ ਭੱਠਾ ਮਜ਼ਦੂਰ ਯੂਨੀਅਨ, ਕਾਮਰੇਡ ਬਲਵੰਤ ਚੌਹਾਨ, ਸੀਟੂ ਦੇ ਆਗੂ ਕਾਮਰੇਡ ਸੁਰਜੀਤ ਸਿੰਘ ਨੇ ਵਧਦੀ ਮਹਿੰਗਾਈ ਨੂੰ ਲੈ ਕੇ ਕੇਂਦਰ ਹੁਕਮਰਾਨ ਸਰਕਾਰ ’ਤੇ ਕਾਰੋਪੇਰੇਟਾਂ ਦੀ ਰਾਖੀ ਕਰਨ ਦਾ ਦੋਸ਼ ਲਗਾਇਆ ਤੇ ਰੋਜ਼ਾਨਾ ਦੀਆਂ ਵਰਤੋਂ ਦੀਆਂ ਵਸਤੂਆਂ ’ਚ ਹੋ ਰਹੇ ਵਾਧੇ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵਧ ਰਹੀ ਮਹਿੰਗਾਈ ਕਾਰਨ ਲੋਕਾਂ ਦਾ ਜੀਵਨ ਮੁਸ਼ਕਲ ਹੋ ਰਿਹਾ ਹੈ।