ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 26 ਜੁਲਾਈ
ਇਥੋਂ ਦੇ ਆੜ੍ਹਤੀ ਸ਼ਾਮ ਲਾਲ ਜਿੰਦਲ ਨੂੰ ਕੈਨੇਡਾ ਦੇ ਮੋਬਾਈਲ ਨੰਬਰ ਤੋਂ ਵੱਟਸਐਪ ਤੇ ਮੈਸੇਜ਼ ਜ਼ਰੀਏ ਦਸ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਫਿਰੌਤੀ ਰਕਮ ਨਾ ਦੇਣ ‘ਤੇ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਫੋਨ ਕਾਲ ‘ਤੇ ਧਮਕੀ ਦੇਣ ਵਾਲੇ ਨੂੰ ਖੁਦ ਨੂੰ ਗੋਲਡੀ ਬਰਾੜ ਦੱਸਿਆ ਹੈ। ਸ਼ਾਮ ਲਾਲ ਜਿੰਦਲ ਨੇ ਫਿਰੌਤੀ ਮੰਗਣ ਅਤੇ ਧਮਕੀ ਦੀ ਸ਼ਿਕਾਇਤ ਸਿਟੀ ਪੁਲੀਸ ਨੂੰ ਕੀਤੀ ਹੈ। ਪੁਲੀਸ ਨੇ ਵਪਾਰੀ ਦੀ ਰਿਹਾਇਸ਼ ਅਤੇ ਦੁਕਾਨ ‘ਤੇ ਸੁਰੱਖਿਆ ਲਗਾ ਦਿੱਤੀ ਹੈ। ਸ਼ਾਮ ਲਾਲ ਜਿੰਦਲ ਮੁਤਾਬਕ ਇਹ ਕਾਲ ਕੱਲ੍ਹ ਬਾਅਦ ਦੁਪਹਿਰ 2.48 ਵਜੇ ਉਸ ਦੇ ਮੋਬਾਈਲ ਨੰਬਰ ‘ਤੇ ਕੈਨੇਡਾ ਦੇ ਨੰਬਰ ਤੋਂ ਵੱਟਸਐਪ ਕਾਲ ਆਈ ਸੀ। ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਕਾਮਰਾ ਨੇ ਤੁਰੰਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਸਿਟੀ ਪੁਲੀਸ ਦੇ ਮੁਖੀ ਸੱਤਿਆਵਾਨ ਨੇ ਕਿਹਾ ਕਿ ਫਿਰੌਤੀ ਮੰਗਣ ਅਤੇ ਧਮਕੀ ਬਾਰੇ ਸਾਈਬਰ ਕ੍ਰਾਈਮ ਸੈੱਲ ਜ਼ਰੀਏ ਪੜਤਾਲ ਕੀਤੀ ਜਾ ਰਹੀ ਹੈ।