ਜੋਗਿੰਦਰ ਸਿੰਘ ਮਾਨ
ਮਾਨਸਾ, 26 ਸਤੰਬਰ
ਮਾਲਵਾ ਖੇਤਰ ਵਿੱਚ ਮੀਂਹਾਂ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦੀ ਕਿਸਾਨ ਜਥੇਬੰਦੀਆਂ ਵੱਲੋਂ ਮੁਆਵਜ਼ੇ ਦੀ ਮੰਗ ਉਠਣ ਲੱਗੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਜ਼ਿਲ੍ਹਾ ਇਕਾਈ ਵੱਲੋਂ ਇੱਕ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਤੋਂ ਸੌ ਫੀਸਦੀ ਮਾਰੀਆਂ ਗਈਆਂ ਅਤੇ 50 ਤੋਂ 75 ਫੀਸਦੀ ਨੁਕਸਾਨੀਆਂ ਗਈਆਂ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਦੀ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਨਵੀਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਜਥੇਬੰਦੀ ਦੀ ਜ਼ਿਲ੍ਹਾ ਟੀਮ ਦਾ ਕਹਿਣਾ ਹੈ ਕਿ ਜਿਹੜੇ ਖੇਤਾਂ ਵਿੱਚ ਹੁਣ ਪਾਣੀ ਭਰਿਆ ਹੈ, ਉਨ੍ਹਾਂ ਫ਼ਸਲਾਂ ਦੇ ਬਚਣ ਦੀ ਕੋਈ ਆਸ ਨਹੀਂ ਹੈ। ਇਸ ਟੀਮ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਭਲਾਈ, ਸਾਹਨੇਵਾਲੀ, ਝੰਡਾ ਕਲਾਂ, ਚੋਟੀਆਂ, ਨੰਗਲ ਕਲਾਂ, ਖਿਆਲਾ ਕਲਾਂ, ਮੂਸਾ, ਕੋਟਲੀ ਕਲਾਂ, ਭੈਣੀਬਾਘਾ, ਚਕੇਰੀਆਂ, ਬੋਹਾ, ਨੰਦਗੜ੍ਹ ਆਦਿ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਖੇਤਾਂ ਵਿੱਚ ਫ਼ਸਲਾਂ ਦਾ ਮਾੜਾ ਹਾਲ ਹੈ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਨਰਮੇ ਤੇ ਝੋਨੇ ਦੀ ਫਸਲ ਡੁੱਬ ਚੁੱਕੀ ਹੈ।
ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਮਾਲਵੇ ਦੇ ਇਸ ਖੇਤਰ ਵਿੱਚ ਲਗਾਤਾਰ ਤਿੰਨ ਦਿਨ ਪਏ ਮੀਂਹ ਤੱਂ ਬਾਅਦ ਚੱਲੀਆਂ ਤੇਜ਼ ਹਵਾਵਾਂ ਕਾਰਨ ਪਰਮਲ ਕਿਸਮ ਝੋਨੇ ਦੀ ਵੱਢਣ ਕਿਨਾਰੇ ਫਸਲ ਵਿਛ ਗਈ ਤੇ ਬਾਸਮਤੀ ਕਿਸਮ ਝੋਨੇ ਦੀ ਫ਼ਸਲ ਉੱਪਰੋਂ ਬੂਰ ਝੜ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਝੋਨੇ ਦੀ ਪੱਕੀ ਖੜ੍ਹੀ ਫ਼ਸਲ ਦੀ ਵਾਢੀ ਹੋਰ ਪੱਛੜ ਜਾਵੇਗੀ ਤੇ ਝਾੜ ਉੱਪਰ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ।
ਬੇਮੌਸਮੇ ਮੀਂਹ ਕਾਰਨ ਗੋਭੀ ਦੀ ਫ਼ਸਲ ਨੁਕਸਾਨੀ
ਸ਼ਹਿਣਾ (ਪੱਤਰ ਪ੍ਰੇਰਕ): ਕਸਬਾ ਸ਼ਹਿਣਾ ’ਚ ਭਦੌੜ ਰੋਡ ’ਤੇ ਬੇਮੌਸਮੇ ਮੀਂਹ ਕਾਰਨ ਗੋਭੀ ਦੀ ਫ਼ਸਲ ਖਰਾਬ ਹੋ ਗਈ ਹੈ। ਬੱਗਾ ਸਿੰਘ ਦੀ 2 ਏਕੜ ਗੋਭੀ ਦੀ ਫ਼ਸਲ ਬਰਬਾਦ ਹੋ ਗਈ ਹੈ। ਕਿਸਾਨ ਚਰਨਾ ਸਿੰਘ ਨੇ ਦੱਸਿਆ ਕਿ ਝੋਨੇ ਦੀ ਫਸਲ ਦੀਆਂ ਜੜ੍ਹਾਂ ’ਚ ਪਾਣੀ ਭਰ ਗਿਆ ਹੈ, ਜਿਸ ਨਾਲ ਝੋਨੇ ਨੂੰ ਬਿਮਾਰੀ ਲੱਗੇਗੀ ਅਤੇ ਝਾੜ ਘਟੇਗਾ। ਸ਼ਹਿਣਾ ਦੇ ਇੱਕ ਦਰਜਨ ਕਿਸਾਨਾਂ ਦੇ ਖੀਰੇ ਦੀ ਫ਼ਸਲ ਬਰਬਾਦ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂ ਜਤਿੰਦਰ ਸਿੰਘ ਖਹਿਰਾ ਨੇ ਕਿਸਾਨਾਂ ਲਈ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।