ਝੁਨੀਰ: ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਇਕਾਈ ਦੇ ਸਕੱਤਰ ਜਨਰਲ ਹਰਦੇਵ ਸਿੰਘ ਕੋਟਧਰਮੂ, ਬਲਾਕ ਪ੍ਰਧਾਨ ਬਾਬੂ ਸਿੰਘ ਧਿੰਗੜ, ਜ਼ਿਲ੍ਹਾ ਆਗੂ ਗੁਰਜੰਟ ਸਿੰਘ ਝੁਨੀਰ ਅਤੇ ਕਿਸਾਨ ਵਫ਼ਦ ਨੇ ਦੱਸਿਆ ਕਿ ਇਸ ਵਾਰ ਇਲਾਕਾ ਝੁਨੀਰ ਦੇ ਚਾਰ ਦਰਜਨ ਤੋਂ ਵੱਧ ਪਿੰਡਾਂ ਵਿਚ 50 ਫ਼ੀਸਦੀ ਤੋਂ ਵੱਧ ਬੀਜੀ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਅਤੇ ਚਿੱਟੇ ਤੇਲੇ ਦੀ ਮਾਰ ਕਾਰਨ ਬਰਬਾਦ ਹੋ ਚੁੱਕੀ ਹੈ, ਜਦੋਂਕਿ ਬਾਕੀ ਰਹਿੰਦੀ ਫ਼ਸਲ ਦੀ ਪੈਦਾਵਾਰ ਕਾਫੀ ਘੱਟ ਹੋਣ ਦੀ ਸੰਭਾਵਨਾ ਹੈ। ਪ੍ਰਭਾਵਿਤ ਕਿਸਾਨਾਂ ਨੂੰ ਨਰਮੇ ਦੀ ਬਰਬਾਦ ਹੋਈ ਫਸਲ ਦਾ ਢੁੱਕਵਾਂ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਨੇ 50 ਫੀਸਦੀ ਬਰਬਾਦ ਹੋਈ ਫ਼ਸਲ ਦੀਆਂ ਗਿਰਦਾਵਰੀਆਂ ਤਾਂ ਕਰਵਾ ਦਿੱਤੀਆਂ ਹਨ ਪਰ ਅਜੇ ਤੱਕ ਪਟਵਾਰੀਆਂ ਦੀ ਘਾਟ ਕਾਰਨ ਬਰਬਾਦ ਹੋਏ ਨਰਮੇ ਦੀਆਂ ਮੁਕੰਮਲ ਗਿਰਦਾਵਰੀਆਂ ਨਾ ਹੋਣ ਕਾਰਨ ਨਰਮਾ ਉਤਪਾਦਕ ਕਾਫੀ ਚਿੰਤਤ ਹਨ। ਕਿਸਾਨ ਆਗੂ ਹਰਦੇਵ ਸਿੰਘ ਕੋਟਧਰਮੂ ਨੇ ਸੂਬਾ ਸਰਕਾਰ ਤੋਂ ਨਰਮੇ ਦੀ ਬਰਬਾਦ ਹੋਈ ਫ਼ਸਲ ਦਾ ਢੁੱਕਵਾਂ ਮੁਆਵਜ਼ਾ ਜਲਦ ਦੇਣ ਲਈ ਬਕਾਇਆ ਰਹਿੰਦੇ ਰਕਬੇ ਦੀਆਂ ਗਿਰਦਾਵਰੀਆਂ ਤੁਰੰਤ ਕਰਵਾਉਣ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ