ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 24 ਅਪਰੈਲ
ਇੱਥੋਂ ਨੇੜਲੇ ਪਿੰਡ ਹਰਾਜ ਅਤੇ ਖੋਖਰ ’ਚ ਬੀਤੇ ਦਿਨੀਂ ਅੱਗ ਨਾਲ ਸੜੀ ਕਰੀਬ 50 ਏਕੜ ਕਣਕ ਅਤੇ ਕਰੀਬ 20 ਏਕੜ ਨਾੜ ਦੇ ਮੁਆਵਜ਼ੇ ਲਈ ਪੀੜਤ ਕਿਸਾਨਾਂ ਦੇ ਹੱਕ ’ਚ ਅਕਾਲੀ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕਰਦਿਆਂ ਅੱਗ ਦੇ ਕਾਰਨਾਂ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ| ਹਨੀ ਫੱਤਣਵਾਲਾ ਨੇ ਦੱਸਿਆ ਕਿ ਇਹ ਅੱਗ ਸੁਭਾਵਕ ਨਹੀਂ ਲੱਗੀ| ਇਸ ਲਈ ਇਸ ਦੀ ਜਾਂਚ ਹੋਣੀ ਜ਼ਰੂਰੀ ਹੈ ਤੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾਵੇ|
ਅਕਾਲੀ ਆਗੂ ਨੇ ਦੱਸਿਆ ਕਿ ਇਨ੍ਹਾਂ ਪੀੜਤ ਕਿਸਾਨਾਂ ਵਿੱਚੋਂ ਬਹੁਤੇ ਤਾਂ ਥੋੜ੍ਹੀ ਜ਼ਮੀਨ ਦੇ ਮਾਲਕ ਹਨ, ਇਹ ਨੁਕਸਾਨ ਉਨ੍ਹਾਂ ਨੂੰ ਵੱਡੀ ਆਰਥਿਕ ਸੱਟ ਮਾਰੇਗਾ। ਉਨ੍ਹਾਂ ਕਣਕ ਲਈ 50 ਹਜ਼ਾਰ ਤੇ ਨਾੜ ਲਈ 5 ਹਜ਼ਾਰ ਰੁਪਏ ਕਿਲਾ ਮੁਆਵਜ਼ਾ ਮੰਗਿਆ ਹੈ| ਇਸ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਪੀੜਤ ਕਿਸਾਨਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਭਰੋਸਾ ਦਿੱਤਾ ਕਿ ਰਿਪੋਰਟ ਸਰਕਾਰ ਤੱਕ ਪੁੱਜਦੀ ਕਰਨਗੇ|