ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੁਲਾਈ
ਯੂਥ ਅਕਾਲੀ ਦਲ ਮਾਨਸਾ ਵੱਲੋਂ ਅੱਜ ਇੱਥੇ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਤੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਟਰੈਕਟਰ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਯੂਥ ਅਕਾਲੀ ਦਲ ਸ਼ਹਿਰੀ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਅਤੇ ਯੂਥ ਅਕਾਲੀ ਦਿਹਾਤੀ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ ਨੇ ਕੀਤੀ। ਟਰੈਕਟਰ ਮਾਰਚ ਦੌਰਾਨ ਯੂਥ ਅਕਾਲੀ ਦਲ ਵੱਲੋਂ ਕਿਸੇ ਟਰੈਕਟਰ ’ਤੇ ਪਾਰਟੀ ਦਾ ਕੋਈ ਝੰਡਾ ਜਾਂ ਬੈਨਰ ਲੱਗਿਆ ਨਹੀਂ ਵਿਖਾਈ ਦਿੱਤਾ। ਇਹ ਟਰੈਕਟਰ ਮਾਰਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਐੱਸਵਾਈਐੱਲ’ ਅਤੇ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਨੂੰ ਯੂ-ਟਿਊਬ ਤੋਂ ਹਟਾਉਣ ਦੇ ਵਿਰੋਧ ਵਿੱਚ ਕੀਤਾ ਗਿਆ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਨੇ ਕਿਹਾ ਕਿ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਐੱਸਵਾਈਐੱਲ ਗੀਤ ਅਤੇ ਕੰਵਰ ਗਰੇਵਾਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗਾਇਆ ਗੀਤ ਯੂ-ਟਿਊਬ ਤੋਂ ਹਟਾਉਣਾ ਕੇਂਦਰ ਸਰਕਾਰ ਦਾ ਨਿੰਦਣਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਇਹ ਗੀਤ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਨ, ਜਿਸ ਤੋਂ ਕੇਂਦਰ ਸਰਕਾਰ ਨੂੰ ਤਕਲੀਫ ਮਹਿਸੂਸ ਹੋ ਰਹੀ ਹੈ ਅਤੇ ਉਹ ਜਬਰੀ ਢੰਗ ਨਾਲ ਇਹ ਆਵਾਜ਼ ਦਬਾਉਣਾ ਚਾਹੁੰਦੀ ਹੈ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਐੱਸਵਾਈਐੱਲ’ ਅਤੇ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ‘ਤੇ ਕੇਂਦਰ ਸਰਕਾਰ ਵੱਲੋਂ ਲਾਈ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਅਕਾਲੀ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ ਤੇ ਬਿੰਦਰ ਗੋਨੇਆਣਾ ਸਣੇ ਹੋਰਾਂ ਨੇ ਡਿਪਟੀ ਕਮਿਸ਼ਨਰ ਰਾਹੀਂ ਇਕ ਮੰਗ ਪੱਤਰ ਰਾਜਪਾਲ ਨੂੰ ਭੇਜਿਆ ਤੇ ਯੂ-ਟਿਊਬ ’ਤੇ ਮੁੜ ਇਹ ਗੀਤ ਰਿਲੀਜ਼ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਗੀਤ ਪੰਜਾਬ ਦੀਆਂ ਸਮੱਸਿਆਂਵਾਂ ਦੀ ਮੰਗ ਕਰਦੀ ਹੈ।