ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 24 ਫਰਵਰੀ
ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਪਈਆਂ ਵੋਟਾਂ ਦਾ ਸਾਰਾ ਕਾਰਜ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈੇ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ , ਜਨਰਲ ਸਕੱਤਰ ਬਲਕਾਰ ਵਲਟੋਹਾ , ਐਡੀਸ਼ਨਲ ਜਨਰਲ ਸਕੱਤਰ ਕਾਰਜ ਸਿੰਘ ਕੈਰੋਂ ,ਵਿੱਤ ਸਕੱਤਰ ਨਵੀਨ ਕੁਮਾਰ ਸਚਦੇਵਾ ਤੇ ਪ੍ਰੈੱਸ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ ਨੇ ਕਿਹਾ ਕਿ ਕਈ ਰਿਟਰਨਿੰਗ ਅਫ਼ਸਰਾਂ ਨੇ ਚੋਣ ਅਮਲੇ ਨੂੰ ਮੌਕੇ ’ਤੇ ਹੀ ਮਿਹਨਤਾਨੇ ਦੀ ਅਦਾਇਗੀ ਕਰ ਦਿੱਤੀ ਅਤੇ ਕਈ ਰਿਟਰਨਿੰਗ ਅਫ਼ਸਰਾਂ ਨੇ ਸਬੰਧਤ ਚੋਣ ਅਮਲੇ ਦੇ ਬੈਂਕ ਖਾਤਾ ਨੰਬਰ ਲੈ ਕੇ ਮਾਮਲੇ ਨੂੰ ਲਮਕਾ ਦਿੱਤਾ। ਅਧਿਆਪਕ ਆਗੂਆਂ ਨੇ ਪੰਜਾਬ ਦੇ ਮੁੱਖ ਚੋਣ ਅਫਸਰ ਤੋਂ ਮੰਗ ਕੀਤੀ ਹੈ ਕਿ ਸਾਰੇ ਚੋਣ ਅਮਲੇ ਨੂੰ ਸਮੇਤ ਰਿਜ਼ਰਵ ਸਟਾਫ ਬਣਦੇ ਮਿਹਨਤਾਨੇ ਦੀ ਅਦਾਇਗੀ ਤੁਰੰਤ ਕਰਵਾਈ ਜਾਵੇ ਅਧਿਆਪਕ ਆਗੂਆਂ ਨੇ ਅੱਗੇ ਕਿਹਾ ਕਿ ਕਈ ਰਿਟਰਨਿੰਗ ਅਫ਼ਸਰਾਂ ਨੇ ਰਿਜ਼ਰਵ ਸਟਾਫ ਵਜੋਂ ਡਿਊਟੀਆਂ ’ਤੇ ਤਾਇਨਾਤ ਚੋਣ ਅਮਲੇ ਨੂੰ ਵਿਸ਼ੇਸ਼ ਤੌਰ ’ਤੇ ਗਰਭਵਤੀ ਮਹਿਲਾਵਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਤੇ 20 ਫਰਵਰੀ ਨੂੰ ਚੋਣਾਂ ਦਾ ਸਮਾਂ ਲੰਘ ਜਾਣ ਤੋਂ ਵੀ ਕਾਫੀ ਦੇਰ ਬਾਅਦ ਫਾਰਗ ਕੀਤਾ ਗਿਆ। ਇਸ ਤੋਂ ਇਲਾਵਾ ਚੋਣ ਅਮਲੇ ਨੂੰ ਅੱਧੀ ਰਾਤ ਤੋਂ ਬਾਅਦ ਆਪਣੇ ਘਰਾਂ ਵਿੱਚ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ ।