ਜਸਵੰਤ ਜੱਸ
ਫਰੀਦਕੋਟ, 7 ਜੁਲਾਈ
ਇੱਥੇ ਅੱਜ ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਤੂੜੀ ਬਜ਼ਾਰ ਫ਼ਿਰੋਜ਼ਪੁਰ ਵਿਚਲੇ ਇਤਿਹਾਸਕ ਗੁਪਤ ਟਿਕਾਣੇ ਨੂੰ ਲਾਇਬਰੇਰੀ ਤੇ ਅਜਾਇਬ ਘਰ ਵਿੱਚ ਤਬਦੀਲ ਕਰਵਾਉਣ ਅਤੇ ਮੱਤੇਵਾੜਾ ਦੇ ਜੰਗਲ ਦਾ ਇੰਡਸਟਰੀ ਦੇ ਨਾਂ ’ਤੇ ਉਜਾੜਾ ਨਾ ਕਰਨ ਸਬੰਧੀ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਮੰਗ ਪੱਤਰ ਸੌਂਪਿਆ ਗਿਆ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਅਤੇ ਲਖਵੀਰ ਸਿੰਘ ਬੀਹਲੇਵਾਲਾ ਨੇ ਕਿਹਾ ਕਿ ਤੂੜੀ ਬਾਜ਼ਾਰ ਫ਼ਿਰੋਜ਼ਪੁਰ ਦੇ ਗੁਪਤਾ ਟਿਕਾਣੇ ’ਤੇ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀ ਲਗਾਤਾਰ ਰਹਿੰਦੇ ਰਹੇ ਹਨ ਅਤੇ ਇਹ ਗੁਪਤ ਟਿਕਾਣਾ ਕ੍ਰਾਂਤੀਕਾਰੀਆਂ ਦੀ ਬਣਾਈ ਹੋਈ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਆਰਮੀ (ਐੱਚਐੱਸਆਰਏ) ਦਾ ਹੈੱਡ ਕੁਆਰਟਰ ਰਿਹਾ ਹੈ। ਸਾਂਡਰਸ ਨੂੰ ਕਤਲ ਕਰਨ ਵੇਲੇ ਸ਼ਹੀਦ ਭਗਤ ਸਿੰਘ ਹੋਰੀਂ ਇਸ ਗੁਪਤ ਟਿਕਾਣੇ ’ਤੇ ਏਅਰ ਪਿਸਟਲ ਨਾਲ ਨਿਸ਼ਾਨੇਬਾਜ਼ੀ ਸਿੱਖਦੇ ਰਹੇ ਹਨ ਅਤੇ ਪਾਰਟੀ ਦੇ ਕਹਿਣ ਤੇ ਭਗਤ ਸਿੰਘ ਦੇ ਦਾੜ੍ਹੀ ਕੇਸ ਇਸੇ ਗੁਪਤ ਟਿਕਾਣੇ ’ਤੇ ਕੱਟੇ ਗਏ ਸਨ। ਨੌਨਿਹਾਲ ਸਿੰਘ ਨੇ ਦੱਸਿਆ ਇਸ ਟਿਕਾਣੇ ‘ਤੇ ਬੈਠ ਕੇ ਸ਼ਿਵ ਵਰਮਾ ਨੇ 40 ਦੇ ਕਰੀਬ ਕ੍ਰਾਂਤੀਕਾਰੀ ਸ਼ਹੀਦਾਂ ਦੀਆਂ ਜੀਵਨੀਆਂ ਲਿਖੀਆਂ ਸਨ।
ਨੌਜਵਾਨ ਆਗੂ ਨਗਿੰਦਰ ਆਜ਼ਾਦ, ਜਸਵੰਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਸਨਅਤ ਉਸਾਰੀ ਦੇ ਨਾਮ ‘ਤੇ ਮੱਤੇਵਾੜਾ ਦੇ ਜੰਗਲ ਨੂੰ ਉਜਾੜਨਾ ਚਾਹੁੰਦੀ ਹੈ ਜੋ ਕਿਸੇ ਕੀਮਤ ‘ਤੇ ਨਹੀਂ ਹੋਣ ਦਿੱਤਾ ਜਾਵੇਗਾ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਭਾ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਵਿਚਾਰਨ ਅਤੇ ਇਨ੍ਹਾਂ ਦੇ ਹੱਲ ਲਈ ਲਿਖਿਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਬਲਕਰਨ ਸਿੰਘ, ਬੂਟਾ ਸਿੰਘ ਹਾਜ਼ਰ ਸਨ।