ਖੇਤਰੀ ਪ੍ਰਤੀਨਿਧ
ਬਰਨਾਲਾ, 28 ਦਸੰਬਰ
ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਟਰੇਡ ਯੂਨੀਅਨਾਂ ਨੇ ਪਿੰਡ ਧੌਲਾ ਦੇ ਮਜ਼ਦੂਰਾਂ ਨੂੰ 1975 ਵਿੱਚ ਜੋ ਪਲਾਟ ਕੱਟ ਕੇ ਦਿੱਤੇ ਸਨ, ਉਨ੍ਹਾਂ ਦੇ ਕਬਜ਼ੇ ਦਵਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ।
ਉਨ੍ਹਾਂ ਕਿਹਾ ਕਿ ਤੁਰੰਤ ਦਖਲ ਦੇਕੇ ਮਜ਼ਦੂਰਾਂ ਨੂੰ ਸਰਕਾਰ ਦੇ ਵਾਅਦੇ ਮੁਤਾਬਕ ਮਾਲਕ ਬਣਾਇਆ ਜਾਵੇ। ਲਬਿਰੇਸ਼ਨ ਦੇ ਸੂਬਾਈ ਆਗੂ ਕਾ. ਗੁਰਪ੍ਰੀਤ ਰੂੜੇਕੇ ਤੇ ਏਕਟ ਦੇ ਕਾ. ਖੁਸ਼ੀਆ ਸਿੰਘ ਤੇ ਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਨਵੇਂ ਪਲਾਟ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ 50 ਸਾਲ ਪਹਿਲਾਂ ਦੇ ਕੱਟੇ ਹੋਏ ਪਲਾਟਾਂ ਦਾ ਮਜ਼ਦੂਰਾਂ ਨੂੰ ਕਬਜ਼ਾ ਨਹੀਂ ਦਿਵਾਇਆ ਜਾ ਰਿਹਾ ਜਦੋਂਕਿ ਮਜ਼ਦੂਰਾਂ ਦੇ ਨਾਂ ਇੰਤਕਾਲ ਵੀ ਹੋਏ ਹਨ। ਆਗੂਆਂ ਕਿਹਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਮਜ਼ਦੂਰਾਂ ਦੇ ਪਲਾਟਾਂ ’ਤੇ ਕਬਜ਼ੇ ਨਾ ਕਰਵਾਏ ਤਾਂ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕਰਕੇ ਕਬਜ਼ੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਬਿਕਰ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ, ਹਰਦੀਪ ਸਿੰਘ, ਰਾਜਵਿੰਦਰ ਸਿੰਘ, ਰਾਮ ਲਾਲ, ਜਗਸੀਰ ਸਿੰਘ, ਕਾਕਾ ਸਿੰਘ, ਜਰਨੈਲ ਸਿੰਘ ਧੌਲਾ ਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।