ਪੱਤਰ ਪ੍ਰੇਰਕ
ਜ਼ੀਰਾ, 13 ਜੂਨ
ਰੈਵੀਨਿਊ ਪਟਵਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਰੁਣ ਕੁਮਾਰ ਦੀ ਅਗਵਾਈ ਹੇਠ ਪਟਵਾਰੀ ਅਤੇ ਕਾਨੂੰਨਗੋ ਨੇ ਅੱਜ ਇੱਥੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ।
ਅਰੁਣ ਕੁਮਾਰ ਨੇ ਦੱਸਿਆ ਕਿ ਮਾਰਚ ਮਹੀਨੇ ਪੰਜਾਬ ਸਰਕਾਰ ਨੇ ਪਟਵਾਰੀਆਂ ਤੇ ਕਾਨੂੰਨਗੋਆਂ ਨੂੰ ਲੈਪਟਾਪ ਖ਼ਰੀਦਣ ਲਈ ਕਿਹਾ ਸੀ। ਪੀਐੱਲਆਰਐੱਸ ਸੁਸਾਇਟੀ ਦੇ ਮਾਹਿਰਾਂ ਵੱਲੋਂ ਦੱਸੀਆਂ ਵਿਸ਼ੇਸ਼ਤਾਵਾਂ ਵਾਲਾ ਲੈਪਟਾਪ ਪਟਵਾਰੀਆਂ ਵੱਲੋਂ 70 ਹਜ਼ਾਰ ਦਾ ਖ਼ਰੀਦਿਆ ਗਿਆ, ਪਰ ਸਰਕਾਰ ਨੇ ਸਿਰਫ਼ 60 ਹਜ਼ਾਰ ਰੁਪਏ ਦਿੱਤੇ। ਇਸੇ ਤਰ੍ਹਾਂ ਸਰਕਾਰ ਨੇ ਹੁਣ ਪਟਵਾਰੀਆਂ ਨੂੰ ਛੇ-ਸੱਤ ਹਜ਼ਾਰ ਰੁਪਏ ਦਾ ਬਾਇਓਮੈਂਟਰਿਕ ਖ਼ਰੀਦਣ ਲਈ ਕਿਹਾ ਹੈ, ਜਦੋਂਕਿ ਸਰਕਾਰ ਸਿਰਫ਼ 3800 ਰੁਪਏ ਦੇ ਰਹੀ ਹੈ। ਇੰਟਰਨੈਟ ਦੀ ਸਹੂਲਤ ਨਾ ਹੋਣ ਕਾਰਨ ਇਹ ਲੈਪਟਾਪ ਚਿੱਟੇ ਹਾਥੀ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮਾਲ ਮੰਤਰੀ, ਵਿੱਤ ਕਮਿਸ਼ਨਰ (ਮਾਲ) ਅਤੇ ਹੋਰ ਅਧਿਕਾਰੀਆਂ ਨੇ ਪਟਵਾਰੀਆਂ ਦੀਆਂ ਹੋਰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ, ਪਰ ਹਾਲੇ ਤੱਕ ਇਸ ਸਬੰਧੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਟਵਾਰੀਆਂ ਵੱਲੋਂ 16 ਤੇ 17 ਜੂਨ ਨੂੰ ਜ਼ਿਲ੍ਹਾ ਪੱਧਰੀ ਗੇਟ ਰੈਲੀਆਂ ਕਰਕੇ ਡੀਸੀ ਨੂੰ ਮੰਗ ਪੱਤਰ ਦਿੱਤੇ ਜਾਣਗੇ। 20 ਜੂਨ ਨੂੰ ਮੁੱਖ ਮੰਤਰੀ ਦੇ ਸੰਗਰੂਰ ਨਿਵਾਸ ਦੇ ਸਾਹਮਣੇ ਰੋਸ ਰੈਲੀ ਕਰਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ।