ਨਵਕਿਰਨ ਸਿੰਘ
ਮਹਿਲ ਕਲਾਂ, 30 ਅਪਰੈਲ
ਇੱਥੇ ਅੱਜ ਇਲਾਕੇ ਦੇ ਮਜ਼ਦੂਰਾਂ ਵੱਲੋਂ ਭਖਵੀਆਂ ਮੰਗਾਂ ਦੇ ਹੱਲ ਲਈ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਹਲਕਾ ਮਹਿਲ ਕਲਾਂ ਦੇ ਵਿਧਾਇਕ ਤੇ ‘ਆਪ’ ਆਗੂ ਕੁਲਵੰਤ ਸਿੰਘ ਪੰਡੋਰੀ ਨੂੰ ਪਿੰਡ ਕਲਾਲ ਮਾਜਰਾ ਵਿਖੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਮਜ਼ਦੂਰਾਂ ਨੇ ਹਲਕਾ ਵਿਧਾਇਕ ਨੂੰ ਮਜ਼ਦੂਰਾਂ ਦੇ ਮੰਗਾਂ ਮਸਲੇ ਹੱਲ ਕਰਵਾਏ ਜਾਣ ਦੀ ਅਪੀਲ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਮਹਿੰਦਰ ਸਿੰਘ ਧਨੇਰ ਨੇ ਕਿਹਾ ਕਿ ਉਨ੍ਹਾਂ ਹਲਕਾ ਵਿਧਾਇਕ ਕੋਲ ਮੰਗ ਪੱਤਰ ਰਾਹੀਂ ਮਸਲੇ ਉਠਾਏ ਹਨ ਜਿਵੇਂ ਕਿ ਇਲਾਕੇ ਦੇ 8 ਪਿੰਡਾਂ ਵਿੱਚ ਅਜੇ ਤੱਕ ਡਿੱਪੂਆਂ ਰਾਹੀਂ ਪੂਰੀ ਕਣਕ ਨਹੀਂ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਡਰੇਨਾਂ ਦੀ ਸਫਾਈ ਦਾ ਕੰਮ ਜੇਸੀਬੀ ਮਸ਼ੀਨਾਂ ਦੀ ਥਾਂ ਮਗਨਰੇਗਾ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਸਰਕਾਰੀ ਡਿੱਪੂ ਰਾਹੀਂ ਕਣਕ 2 ਰੁਪਏ ਕਿੱਲੋ ਤੇ ਮੁਫਤ ਮਿਲ ਰਹੀ ਹੈ, ਮਜ਼ਦੂਰ ਉਸ ਕਣਕ ਨੂੰ ਧੋ-ਸੰਵਾਰ ਕੇ ਉਸ ਦਾ ਆਟਾ ਪਿਹਾ ਲੈਂਦੇ ਹਨ ਪਰ ਹੁਣ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਕਣਕ ਦੀ ਥਾਂ ਆਟੇ ਦੀਆਂ ਥੈਲੀਆਂ ਵੰਡਣ ਦੀ ਯੋਜਨਾ ਹੈ ਜਿਸ ਤਹਿਤ ਖਦਸ਼ਾ ਹੈ ਕਿ ਗੁਦਾਮਾਂ ਦੀ ਖਰਾਬ ਕਣਕ ਪਿਸਵਾ ਕੇ ਵੰਡੀ ਜਾ ਸਕਦੀ ਹੈ। ਇਸ ਲਈ ਮਜ਼ਦੂਰ ਭਾਈਚਾਰਾ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਆਟੇ ਦੀਆਂ ਥੈਲੀਆਂ ਦੀ ਬਜਾਏ ਪਹਿਲਾਂ ਵਾਂਗ ਹੀ ਕਣਕ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਮਜਦੂਰ ਆਗੂ ਹੈਪੀ ਸਿੰਘ ਛੀਨੀਵਾਲ,ਬਲਦੇਵ ਸਿੰਘ,ਚੇਤ ਸਿੰਘ ਹਾਜ਼ਰ ਸਨ।