ਖੇਤਰੀ ਪ੍ਰਤੀਨਿਧ
ਬਰਨਾਲਾ, 28 ਜੁਲਾਈ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਹੇਠ ਡੀਸੀ ਬਰਨਾਲਾ ਦਫ਼ਤਰ ਅੱਗੇ ਮੁਲਾਜ਼ਮਾਂ ਨੇ ਪ੍ਰਦਰਸ਼ਨ ਕਰਨ ਉਪਰੰਤ ਏਡੀਸੀ ਨੂੰ ਮੰਗ ਪੱਤਰ ਸੌਂਪਿਆ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਭੱਠਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਆਗੂ ਮੱਖਣ ਸਿੰਘ, ਗੁਰਵਿੰਦਰ ਸਿੰਘ ਡੀਸੀ ਦਫ਼ਤਰ, ਬਲਵਿੰਦਰ ਸਿੰਘ ਸੁਪਰਡੈਂਟ ਪੀਡਬਲਿਊਡੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪੰਜਾਬ ਵਿੱਚ ਬਹੁਮਤ ਜਿੱਤਣ ਵਿੱਚ ਮੁਲਾਜ਼ਮ ਵਰਗ ਵਿੱਚ ਬਹੁਤ ਵੱਡਾ ਯੋਗਦਾਨ ਹੈ ਪਰ ਅਫਸੋੋਸ ਹੈ ਕਿ 92 ਵਿਧਾਇਕਾਂ ਵਿੱਚੋਂ ਕਿਸੇ ਇੱਕ ਨੇ ਵੀ ਵਿਧਾਨ ਸਭਾ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਹਾਮੀ ਤੱਕ ਨਹੀਂ ਭਰੀ ਅਤੇ ਨਾ ਹੀ ਬਜਟ ਵਿੱਚ ਪੰਜਾਬ ਦੇ ਮੁਲਾਜ਼ਮਾਂ ਨੂੰ ਕੋਈ ਥਾਂ ਦਿੱਤੀ, ਜਿਸ ਕਰਕੇ ਪੰਜਾਬ ਦੇ ਮੁਲਾਜ਼ਮ ਵਰਗ ਵਿੱਚ ਸਰਕਾਰ ਪ੍ਰਤੀ ਰੋਸ ਹੈ। ਆਗੂਆਂ ਕਿਹਾ ਕਿ ਜਿੱਥੇ ਪੇਅ ਕਮਿਸ਼ਨ ਅਧੂਰਾ ਹੈ, ਉੱਥੇ ਡੀਏ ਦੀਆਂ ਤਿੰਨ ਕਿਸ਼ਤਾਂ ਪੈਡਿੰਗ ਖੜ੍ਹੀਆਂ ਹਨ ਅਤੇ ਇਸ ਦੇ ਉਲਟ ਵਿਕਾਸ ਫੰਡ 2400 ਸਾਲਾਨਾ ਮੁਲਾਜ਼ਮ ਉੱਤੇ ਭਾਰ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੀਐੱਸਐੱਮਐੱਸਯੂ ਦਾ ਸਾਥ ਡੱਟ ਕੇ ਦਿੱਤਾ ਜਾਵੇ ਅਤੇ ਜਥੇਬੰਦੀ ਸੰਘਰਸ਼ਾਂ ਦੀ ਬਦੌਲਤ ਹੀ ਮੁਲਾਜ਼ਮ ਵਰਗ ਨੂੰ ਪ੍ਰਾਪਤੀਆਂ ਹੋਈਆਂ ਹਨ।