ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 8 ਜੂਨ
ਆਲ ਇੰਡੀਆ ਕਿਸਾਨ ਸਭਾ ਵੱਲੋਂ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆਂ ਅਤੇ ਕਾਮਰੇਡ ਸ਼ੁਬੇਗ ਝੰਗੜ ਭੈਣੀ ਬਲਾਕ ਸਮਿਤੀ ਮੈਂਬਰ ਦੀ ਅਗਵਾਈ ’ਚ ਅੰਤਰਰਾਸ਼ਟਰੀ ਭਾਰਤ-ਪਾਕਿਸਤਾਨ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੇ ਖੇਤੀ ਕਰਨ ਲਈ ਗੇਟ ਪਾਰ ਜਾਣ ਸਬੰਧੀ ਸਮਾਂ ਸਵੇਰ 7.30 ਤੋਂ ਸ਼ਾਮ 6 ਵਜੇ ਕਰਨ ਅਤੇ 247 ਮੇਨ ਗੇਟ ਤੇਜਾ ਰੁਹੇਲਾ ਪੂਰਾ ਹਫਤਾ ਖੋਲ੍ਹਣ ਦੀ ਮੰਗ ਨੂੰ ਲੈ ਕੇ ਐੱਸਡੀਐੱਮ ਫਾਜ਼ਿਕਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਐੱਸਡੀਐੱਮ ਫਾਜ਼ਿਲਕਾ ਨੂੰ ਸੌਂਪੇ ਮੰਗ ਪੱਤਰ ’ਚ 66 ਬਟਾਲੀਅਨ ਬੀਐੱਸਐਫ ਜੀਜੀ ਬੈਂਸ ਤੋਂ ਲੈ ਕੇ ਮੋਜਮ ਫਾਂਰਵੇਟ ਚੌਕੀ ਫਾਜ਼ਿਲਕਾ ਤੱਕ ਜੋ ਸਮਾਂ ਪਹਿਲਾਂ ਸਰਦੀਆਂ ’ਚ ਗੇਟ ਖੋਲ੍ਹਣ ਦਾ ਚੱਲ ਰਿਹਾ ਹੈ। ਉਸ ਨੂੰ ਗਰਮੀਆਂ ਦੇ ਮੌਸਮ ਦੌਰਾਨ ਤਬਦੀਲ ਕਰਕੇ ਬੰਦ ਪਏ ਗੇਟ ਖੋਲ੍ਹ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਨੇ ਮੰਗ ਪੱਤਰ ਰਾਹੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਹਫਤੇ ਦੇ ਅੰਦਰ- ਅੰਦਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਗੇਟਾਂ ਦੇ ਨੇੜੇ ਬੀਐੱਸਐੱਫ ਖਿਲਾਫ਼ ਸ਼ਾਂਤਮਈ ਧਰਨੇ ਦਿੱਤੇ ਜਾਣਗੇ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨ ਸੀਤਾ ਸਿੰਘ, ਮਲਕੀਤ ਸਿੰਘ, ਸਨੋਕੁ ਸਿੰਘ, ਮਾਸਾ ਸਿੰਘ, ਮਾਂਘ ਸਿੰਘ ਅਤੇ ਮਲਕੀਤ ਸਿੰਘ ਹਾਜ਼ਰ ਸਨ।